
ਵੈਸਟਇੰਡੀਜ਼ ’ਤੇ 155 ਦੌੜਾਂ ਨਾਲ ਮਿਲੀ ਜਿੱਤ ਭਾਰਤ ਦੀ ਜਿੱਤ ’ਚ ਮੰਧਾਨਾ ਤੇ ਹਰਮਨਪ੍ਰੀਤ ਚਮਕੀ
ਨਵੀਂ ਦਿੱਲੀ, 12 ਮਾਰਚ : ਮਿਤਾਲੀ ਰਾਜ ਦੀ ਕਪਤਾਨੀ ’ਚ ਭਾਰਤੀ ਮਹਿਲਾ ਟੀਮ ਨੇ ਵੈਸਟਇੰਡੀਜ਼ ਵਿਰੁਧ ਆਪਣੇ ਤੀਜੇ ਲੀਗ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 50 ਓਵਰਾਂ ’ਚ 8 ਵਿਕਟਾਂ ’ਤੇ 317 ਦੌੜਾਂ ਬਣਾਈਆਂ ਤੇ ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ ਜਿੱਤ ਲਈ 318 ਦੌੜਾਂ ਦਾ ਟੀਚਾ ਦਿਤਾ। ਟੀਮ ਇੰਡੀਆ ਨੂੰ ਇਸ ਸਕੋਰ ਤਕ ਲੈ ਜਾਣ ’ਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਮੱਧਕ੍ਰਮ ਦੀ ਬੱਲੇਬਾਜ਼ ਹਰਮਨਪ੍ਰੀਤ ਕੌਰ ਦੀ ਸੈਂਕੜੇ ਵਾਲੀ ਪਾਰੀ ਦਾ ਵੱਡਾ ਯੋਗਦਾਨ ਰਿਹਾ। ਵੈਸਟਇੰਡੀਜ਼ ਦੀ ਮਹਿਲਾ ਟੀਮ ਨੂੰ ਜਿੱਤ ਲਈ 318 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਇਹ ਟੀਮ 40.3 ਓਵਰਾਂ ’ਚ 162 ਦੌੜਾਂ ’ਤੇ ਆਲ ਆਊਟ ਹੋ ਗਈ ਤੇ 155 ਦੌੜਾਂ ਦੇ ਫਰਕ ਨਾਲ ਹਾਰ ਗਈ। ਭਾਰਤੀ ਮਹਿਲਾ ਟੀਮ ਨੇ ਇਸ ਵਿਸ਼ਵ ਕੱਪ ’ਚ ਹੁਣ ਤਕ ਖੇਡੇ ਗਏ ਤਿੰਨ ਮੈਚਾਂ ’ਚ ਦੂਜੀ ਜਿੱਤ ਦਰਜ ਕੀਤੀ ਹੈ। ਇਸ ਮੈਚ ’ਚ ਸਮ੍ਰਿਤੀ ਮੰਧਾਨਾ ਨੂੰ ਉਸ ਦੇ ਸੈਂਕੜੇ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਦੂਜੀ ਪਾਰੀ ’ਚ ਭਾਰਤੀ ਗੇਂਦਬਾਜ਼ੀ ਸ਼ਾਨਦਾਰ ਰਹੀ, ਸਨੇਹ ਰਾਣਾ ਨੇ ਤਿੰਨ, ਮੇਘਨਾ ਸਿੰਘ ਨੇ ਦੋ ਜਦਕਿ ਝੂਲਨ ਗੋਸਵਾਮੀ, ਰਾਜੇਸ਼ਵਰੀ ਗਾਇਕਵਾੜ ਤੇ ਪੂਜਾ ਵਸਤਰਕਾਰ ਨੇ ਇਕ-ਇਕ ਵਿਕਟ ਲਈ।
ਵੈਸਟਇੰਡੀਜ਼ ਵਿਰੁਧ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਅਤੇ ਸਲਾਮੀ ਬੱਲੇਬਾਜ਼ ਯਸਤਿਕਾ ਭਾਟਿਕਾ ਅਤੇ ਸਮ੍ਰਿਤੀ ਮੰਧਾਨਾ ਨੇ ਪਹਿਲੀ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਇਹ ਸਾਂਝੇਦਾਰੀ ਯਾਸਤਿਕਾ ਦੇ ਆਊਟ ਹੋਣ ਨਾਲ ਟੁੱਟ ਗਈ। ਉਸ ਨੇ 31 ਦੌੜਾਂ ਬਣਾਈਆਂ ਜਦਕਿ ਭਾਰਤ ਦੀ ਦੂਜੀ ਵਿਕਟ ਕਪਤਾਨ ਮਿਤਾਲੀ ਰਾਜ ਦੇ ਰੂਪ ’ਚ ਡਿੱਗੀ, ਜਿਸ ਨੇ ਸਿਰਫ਼ 5 ਦੌੜਾਂ ਦੀ ਪਾਰੀ ਖੇਡੀ। ਦੀਪਤੀ ਸ਼ਰਮਾ ਨੇ 15 ਦੌੜਾਂ ਦਾ ਯੋਗਦਾਨ ਦਿਤਾ ਜਿਸ ਨਾਲ ਭਾਰਤ ਨੇ 78 ਦੌੜਾਂ ’ਤੇ ਆਪਣੀ ਤੀਜੀ ਵਿਕਟ ਗੁਆ ਦਿਤੀ। ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਨੇ ਚੌਥੇ ਵਿਕਟ ਲਈ 184 ਦੌੜਾਂ ਦੀ ਵਿਸ਼ਵ ਰਿਕਾਰਡ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ।
ਇਸ ਤੋਂ ਬਾਅਦ ਸਮ੍ਰਿਤੀ ਮੰਧਾਨਾ 123 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ ਪਰ ਹਰਮਨਪ੍ਰੀਤ ਦੀ ਸ਼ਾਨਦਾਰ ਬੱਲੇਬਾਜ਼ੀ ਜਾਰੀ ਰਹੀ। ਇਸ ਤੋਂ ਬਾਅਦ ਇਕ ਵਾਰ ਫਿਰ ਭਾਰਤ ਦੀਆਂ ਵਿਕਟਾਂ ਤੇਜ਼ੀ ਨਾਲ ਡਿੱਗ ਗਈਆਂ ਤੇ ਰਿਚਾ ਭਾਟੀਆ 5 ਦੌੜਾਂ, ਪੂਜਾ ਵਸਤਰਕਾਰ 10 ਦੌੜਾਂ ਬਣਾ ਕੇ ਆਊਟ ਹੋ ਗਈਆਂ। ਜਦੋਂ ਹਰਮਨਪ੍ਰੀਤ ਕੌਰ 109 ਦੌੜਾਂ ਬਣਾ ਚੁੱਕੀ ਸੀ ਤਾਂ ਉਸ ਦੀ ਵਿਕਟ ਡਿੱਗ ਗਈ ਤੇ ਉਸ ਸਮੇਂ ਟੀਮ ਇੰਡੀਆ ਦਾ ਸਕੋਰ 313 ਦੌੜਾਂ ’ਤੇ ਪਹੁੰਚ ਗਿਆ ਸੀ। ਸਨੇਹ ਰਾਣਾ 2 ਦੌੜਾਂ ਬਣਾ ਕੇ ਨਾਬਾਦ ਰਹੀ ਜਦਕਿ ਮੇਘਨਾ ਸਿੰਘ ਨੇ ਇਕ ਦੌੜ ਬਣਾਈ। (ਏਜੰਸੀ)