
ਮੰਡੀ ਗੋਬਿੰਦਗੜ੍ਹ ਨਜ਼ਦੀਕ ਸਥਿਤ ਸ਼੍ਰੀਰਾਮ ਮਲਟੀਮੈਟਲਜ਼ ਫੈਕਟਰੀ 'ਚ ਵੱਡਾ ਹਾਦਸਾ
ਮੰਡੀ ਗੋਬਿੰਦਗੜ੍ਹ : ਮੰਡੀ ਗੋਬਿੰਦਗੜ੍ਹ ਨੇੜਲੇ ਪਿੰਡ ਕੁੰਭੜਾ ਵਿੱਚ ਸਥਿਤ ਸ੍ਰੀਰਾਮ ਮਲਟੀਮੈਟਲਜ਼ ਫੈਕਟਰੀ ਦੀ ਭੱਠੀ ਵਿੱਚ ਸ਼ਨੀਵਾਰ ਕਰੀਬ ਡੇਢ ਵਜੇ ਧਮਾਕਾ ਹੋਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭੱਠੀ 'ਚ ਲੋਹਾ ਪਿਘਲਾਉਣ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਭੱਠੀ 'ਚ ਇਹ ਹਾਦਸਾ ਵਾਪਰ ਗਿਆ ਅਤੇ ਪਿਘਲਿਆ ਹੋਇਆ ਲੋਹਾ ਮਜ਼ਦੂਰਾਂ 'ਤੇ ਡਿੱਗ ਪਿਆ।
ਇਸ ਹਾਦਸੇ 'ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਭੱਠਾ ਮਾਲਕਾਂ ਦੀ ਤਰਫੋਂ ਸਥਾਨਕ ਨਿੱਜੀ ਹਸਪਤਾਲ ਅਤੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਸੁਨੀਲ ਨੇ ਦੱਸਿਆ ਕਿ ਭੱਠੀ 'ਤੇ ਉਸ ਸਮੇਂ ਕਈ ਲੋਕ ਕੰਮ ਕਰ ਰਹੇ ਸਨ ਅਤੇ ਚੂਰਾ ਚੁੰਬਕ ਰਾਹੀਂ ਭੱਠੀ ਵਿੱਚ ਪਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਭਰਾ ਦੇ ਵਿਆਹ ਦੀ ਖ਼ਰੀਦਦਾਰੀ ਕਰ ਕੇ ਘਰ ਵਾਪਸ ਆ ਰਹੀ ਔਰਤ ਦੀ ਮੌਤ, ਬੱਚਾ ਜ਼ਖਮੀ
ਉਦੋਂ ਹੀ ਇੱਕ ਬੰਦ ਪਾਈਪ ਭੱਠੀ ਵਿੱਚ ਜਾ ਵੱਜੀ ਅਤੇ ਇਹ ਹਾਦਸਾ ਵਾਪਰ ਗਿਆ, ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਥਾਣੇ ਦੇ ਐਸਐਚਓ ਆਕਾਸ਼ ਦੱਤ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਅਮਲੋਹ ਵਿਖੇ ਰੋਡ ਮੰਡੀ ਗੋਬਿੰਦਗੜ੍ਹ 'ਚ ਸ੍ਰੀਰਾਮ ਜੀ ਮਲਟੀਮੇਟਲ 'ਚ ਭੱਠੀ 'ਚ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ 'ਚ ਕੁੱਲ 5 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ, ਜਿਨ੍ਹਾਂ 'ਚੋਂ 2 ਮਜ਼ਦੂਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਫੈਕਟਰੀ ਮਾਲਕਾਂ ਖ਼ਿਲਾਫ਼ ਧਾਰਾ 285, 287, 336, 337 ਅਤੇ 304ਏ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।