
ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿਚ ਬੱਚੀ ਹੀ ਨਹਿਰ ਵਿਚ ਰੁੜ ਗਈ
ਸਮਰਾਲਾ : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਰੋਹਲੇ ਵਿਖੇ ਇਕ ਪਿਤਾ ਨੇ ਅਪਣੀ ਸਾਲੀ ਦੇ ਪਿਆਰ 'ਚ ਪੈ ਕੇ ਆਪਣੀ ਪਤਨੀ ਨੂੰ ਨਹਿਰ ਵਿਚ ਧੱਕਾ ਦੇ ਕੇ ਮਾਰਨ ਦੇ ਚੱਕਰ ਵਿਚ ਆਪਣੀ 5 ਸਾਲਾ ਮਾਸੂਮ ਧੀ ਨੂੰ ਖੰਟ ਦੀ ਪੱਕੀ ਨਹਿਰ ਵਿਚ ਸੁੱਟ ਦਿੱਤਾ। ਹਾਲਂਕਿ ਪਹਿਲਾਂ ਪੁਲਿਸ ਕੋਲ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਮਾਪਿਆਂ ਵੱਲੋਂ ਅੰਧ ਵਿਸ਼ਵਾਸ ਵਿਚ ਆ ਕੇ ਕਿਸੇ ਤਾਂਤਰਿਕ ਦੇ ਕਹਿਣ ’ਤੇ ਬੱਚੀ ਦੀ ਬਲੀ ਦਿੱਤੀ ਗਈ ਤੇ ਉਸ ਨੂੰ ਨਹਿਰ ਵਿਚ ਰੋੜ ਕੇ ਮਾਰ ਦਿੱਤਾ ਗਿਆ ਹੈ ਪਰ ਹੁਣ ਜਦੋਂ ਪੁਲਿਸ ਨੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆਇਆ ਕਿ ਮ੍ਰਿਤਕ ਬੱਚੀ ਦੇ ਪਿਓ ਦਾ ਉਸ ਦੀ ਸਾਲੀ ਨਾਲ ਹੀ ਇਸ਼ਕ ਦਾ ਚੱਕਰ ਨਿਕਲਿਆ।
ਇਨ੍ਹਾਂ ਦੋਵਾਂ ਜਣਿਆਂ ਦੀ ਯੋਜਨਾ ਤਾਂ ਬੱਚੀ ਦੀ ਮਾਂ ਨੂੰ ਨਹਿਰ ’ਤੇ ਲਿਜਾ ਕੇ ਮਾਰਨ ਦੀ ਸੀ ਪਰ ਧੱਕਾ-ਮੁੱਕੀ ਵਿਚ ਬੱਚੀ ਹੀ ਨਹਿਰ ਵਿਚ ਰੁੜ ਗਈ ਅਤੇ ਬੱਚੀ ਦੀ ਮੌਤ ਹੋ ਗਈ ਹੈ ਪਰ ਅਜੇ ਤੱਕ ਉਸ ਦੀ ਲਾਸ਼ ਨਹੀਂ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਖੰਨਾ ਅਮਨੀਤ ਕੌਡਲ ਨੇ ਦੱਸਿਆ ਕਿ ਪੁਲਿਸ ਨੂੰ ਦੋਸ਼ੀ ਦੇ ਭਰਾ ਗੁਰਚਰਨ ਸਿੰਘ ਤੋਂ ਪਹਿਲਾ ਇਹ ਜਾਣਕਾਰੀ ਮਿਲੀ ਸੀ ਕਿ ਉਸ ਦੇ ਭਰਾ-ਭਰਜਾਈ ਨੇ ਹੀ ਆਪਣੀ ਬੱਚੀ ਨੂੰ ਕਿਸੇ ਤਾਂਤਰਿਕ ਦੇ ਕਹਿਣ ’ਤੇ ਨਹਿਰ ਵਿਚ ਰੋੜ ਦਿੱਤਾ ਹੈ।
ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਰੋਹਲੇ ਨਿਵਾਸੀ ਗੁਰਪ੍ਰੀਤ ਸਿੰਘ ਦਾ ਆਪਣੀ ਵੱਡੀ ਸਾਲੀ ਸੁਖਵਿੰਦਰ ਕੌਰ ਨਾਲ ਨਾਜਾਇਜ਼ ਰਿਸ਼ਤਾ ਸੀ ਅਤੇ ਇਨ੍ਹਾਂ ਦੋਵਾਂ ਨੇ ਹੀ ਸਾਜ਼ਿਸ਼ ਤਹਿਤ ਗੁਰਪ੍ਰੀਤ ਦੀ ਪਤਨੀ ਗੁਰਜੀਤ ਕੌਰ ਨੂੰ ਨਹਿਰ ਵਿਚ ਸੁੱਟ ਕੇ ਮਾਰਨ ਦੀ ਯੋਜਨਾ ਬਣਾਈ ਸੀ। ਯੋਜਨਾ ਅਨੁਸਾਰ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲਿਜਾਣ ਲੱਗਾ ਤਾਂ ਉਹ ਆਪਣੇ ਦੋਵੇਂ ਬੱਚਿਆਂ 8 ਸਾਲਾ ਪੁੱਤਰ ਸੋਹਲਪ੍ਰੀਤ ਸਿੰਘ ਅਤੇ 5 ਸਾਲ ਦੀ ਧੀ ਸੁਖਮਨਪ੍ਰੀਤ ਕੌਰ ਨੂੰ ਵੀ ਨਾਲ ਲੈ ਗਈ।
ਪਿੰਡ ਖੰਟ ਕੋਲ ਪੱਕੀ ਨਹਿਰ ’ਤੇ ਨਾਰੀਅਲ ਜਲ ਪ੍ਰਵਾਹ ਕਰਨ ਲੱਗੇ ਗੁਰਪ੍ਰੀਤ ਸਿੰਘ ਆਪਣੀ ਪਤਨੀ ਨੂੰ ਧੱਕਾ ਦੇਣ ਲੱਗਾ ਤਾਂ ਉੱਥੇ ਹੋਈ ਧੱਕਾ-ਮੁੱਕੀ ਦੌਰਾਨ ਗੁਰਜੀਤ ਕੌਰ ਤਾਂ ਬੱਚ ਗਈ ਪਰ ਉਸ ਦੀ ਧੀ ਸੁਖਮਨਪ੍ਰੀਤ ਕੌਰ ਨਹਿਰ ਵਿਚ ਰੁੜ ਗਈ। ਐੱਸ. ਐੱਸ. ਪੀ. ਕੌਡਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੀ ਸਾਲੀ ਸੁਖਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।