
ਸੱਭ ਤੋਂ ਵੱਧ ਲਾਇਸੈਂਸੀ ਹਥਿਆਰ ਗੁਰਦਾਸਪੁਰ, ਬਠਿੰਡਾ ਤੇ ਪਟਿਆਲਾ ਜ਼ਿਲ੍ਹਿਆਂ ’ਚ ਅਤੇ ਸੱਭ ਤੋਂ ਘੱਟ ਸ਼ਹੀਦ ਭਗਤ ਸਿੰਘ ਨਗਰ, ਰੋਪੜ ਤੇ ਪਠਾਨਕੋਟ ਜ਼ਿਲ੍ਹੇ ਵਿਚ
ਚੰਡੀਗੜ੍ਹ (ਭੁੱਲਰ): ਪੰਜਾਬ ਵਿਚ ਪੌਣੇ ਤਿੰਨ ਕਰੋੜ ਦੀ ਆਬਾਦੀ ਵਿਚ ਪੌਣੇ ਤਿੰਨ ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹਨ। ਇਹ ਅੰਕੜਾ ਪੰਜਾਬ ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਪੁਛੇ ਗਏ ਇਕ ਸਵਾਲ ਨਾਲ ਸਾਹਮਣੇ ਆਇਆ ਹੈ। ਪੰਜਾਬ ਦੀ ਆਬਾਦੀ 2.77 ਕਰੋੜ ਲੱਖ ਦੇ ਕਰੀਬ ਹੈ ਅਤੇ ਲਾਇਸੈਂਸੀ ਹਥਿਆਰ 3 ਲੱਖ 73 ਹਜ਼ਾਰ ਹਨ। ਹਾਲ ਹੀ ਵਿਚ ਲਾਇਸੈਂਸੀ ਹਥਿਆਰਾਂ ਦੀ ਜਾਂਚ ਪੜਤਾਲ ਬਾਅਦ ਅਯੋਗ ਪਾਏ ਗਏ 813 ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਲਾਇਸੈਂਸੀ ਹਥਿਆਰਾਂ ਦੇ ਜ਼ਿਲ੍ਹਾ ਵਾਰ ਅੰਕੜਿਆਂ ਮੁਤਾਬਕ ਸੱਭ ਤੋਂ ਵੱਧ ਜ਼ਿਲ੍ਹਾ ਗੁਰਦਾਸਪੁਰ ਵਿਚ 40,789 ਅਤੇ ਉਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿਚ 29,353 ਤੇ ਪਟਿਆਲਾ ਜ਼ਿਲ੍ਹੇ ਵਿਚ 28,340 ਲਾਇਸੈਂਸੀ ਹਥਿਆਰ ਹਨ। ਸੱਭ ਤੋਂ ਘੱਟ ਲਾਇਸੈਂਸੀ ਹਥਿਆਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ 2,201 ਅਤੇ ਪਠਾਨਕੋਟ ਜ਼ਿਲ੍ਹੇ ਵਿਚ 2,287 ਹਨ।
ਜ਼ਿਲ੍ਹਾ ਰੋਪੜ ਵਿਚ 3,876 ਲਾਇਸੈਂਸੀ ਹਥਿਆਰ ਹਨ। ਬਾਕੀ ਜ਼ਿਲ੍ਹਿਆਂ ਦੇ ਪ੍ਰਾਪਤ ਹੋਏ ਵੇਰਵਿਆਂ ਮੁਤਾਬਕ ਲੁਧਿਆਣਾ (ਦਿਹਾਤੀ) ਵਿਚ 11,798, ਜਲੰਧਰ (ਦਿਹਾਤੀ) ’ਚ 6009, ਅੰਮ੍ਰਿਤਸਰ (ਦਿਹਾਤੀ) ਵਿਚ 23,201, ਤਰਨਤਾਰਨ ਵਿਚ 19,679, ਫ਼ਾਜ਼ਿਲਕਾ ਵਿਚ 12,467, ਬਰਨਾਲਾ ਵਿਚ 88883, ਮਾਲੇਰਕੋਟਲਾ ਵਿਚ 4985, ਫ਼ਤਿਹਗੜ੍ਹ ਸਾਹਿਬ ਵਿਚ 6604, ਫ਼ਰੀਦਕੋਟ 15449, ਕਪੂਰਥਲਾ 5977, ਮੋਗਾ 26756, ਫ਼ਿਰੋਜ਼ਪੁਰ 21432, ਹੁਸ਼ਿਆਰਪੁਰ 10857, ਸੰਗਰੂਰ 16176, ਸ੍ਰੀ ਮੁਕਤਸਰ ਸਾਹਿਬ 19457, ਮਾਨਸਾ 16402, ਲੁਧਿਆਣਾ ਸ਼ਹਿਰ 16402, ਅੰਮ੍ਰਿਤਸਰ ਸ਼ਹਿਰ 12954 ਅਤੇ ਜਲੰਧਰ ਸ਼ਹਿਰ ਵਿਚ 6675 ਲਾਇਸੈਂਸੀ ਹਥਿਆਰ ਹਨ। ਹਾਲ ਹੀ ਵਿਚ ਸੱਭ ਤੋਂ ਵੱਧ ਅੰਮ੍ਰਿਤਸਰ ਸ਼ਹਿਰ ਵਿਚ 27, ਪਠਾਨਕੋਟ ਵਿਚ 17 ਅਤੇ ਐਸ.ਏ.ਐਸ. ਨਗਰ ਵਿਚ 16 ਲਾਇਸੈਂਸੀ ਹਥਿਆਰ ਰੱਦ ਹੋਏ ਹਨ। ਕੁਲ ਲਾਇਸੈਂਸੀ ਹਥਿਆਰਾਂ ਦਾ ਹਿਸਾਬ ਲਾਈਏ ਤਾਂ ਮਾਲਵਾ ਦੇ ਜ਼ਿਲ੍ਹਿਆਂ ਵਿਚ ਲੱਖ ਤੋਂ ਵੱਧ ਲਾਇਸੈਂਸੀ ਹਥਿਆਰ ਹਨ ਅਤੇ ਉਸ ਤੋਂ ਬਾਅਦ ਮਾਝਾ ਅਤੇ ਦੋਆਬਾ ਵਿਚ ਲਗਭਗ ਬਰਾਬਰ ਦਾ ਅੰਕੜਾ ਹੀ ਹੈ।