
Bhatinda News : ਕੈਮੀਕਲ ਰੰਗਾਂ ਦੀ ਥਾਂ ਔਰਗੈਨਿਕ ਰੰਗਾਂ ਨੂੰ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਪਹਿਲ
Bhatinda News in Punjabi : 14 ਮਾਰਚ ਨੂੰ ਦੇਸ਼ ਭਰ ’ਚ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੀ ਦੇ ਤਿਉਹਾਰ ਨੂੰ ਲੈ ਕੇ ਲੋਕਾਂ ਵੱਲੋਂ ਅਗੇਤੀਆਂ ਹੀ ਖ਼ਰੀਦਦਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬਾਜ਼ਾਰ ’ਚ ਜਗ੍ਹਾ -ਜਗ੍ਹਾ ਰੰਗ ਅਤੇ ਵੱਖ- ਵੱਖ ਤਰ੍ਹਾਂ ਦੀਆਂ ਪਚਕਾਰੀਆਂ ਨਾਲ ਸਜੀਆਂ ਦੁਕਾਨਾਂ ਨਜ਼ਰ ਆ ਰਹੀਆਂ ਹਨ। ਇਹਨਾਂ ਦੁਕਾਨਾਂ ’ਤੇ ਵੱਡੀ ਗਿਣਤੀ ’ਚ ਲੋਕ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ।
ਬਠਿੰਡਾ ਵਿਖੇ ਹੋਲ ਸੇਲ ਦਾ ਕੰਮ ਕਰਨ ਵਾਲੇ ਗੌਰਵ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਹੋਲੀ ਦੇ ਤਿਉਹਾਰ ਨੂੰ ਲੈ ਕੇ ਮਾਰਕੀਟ ’ਚ ਇਲੈਕਟਰੋਨਿਕ ਪਿਚਕਾਰੀਆਂ ਦੀ ਡਿਮਾਂਡ ਵਧੀ ਹੈ। ਇਹ ਪਿਚਕਾਰੀਆਂ ਚਾਰਜ ਹੋ ਕੇ ਕੰਮ ਕਰਦੀਆਂ ਹਨ ਅਤੇ ਦੂਸਰਾ ਵੱਡਾ ਫ਼ਾਇਦਾ ਇਸ ਪਿਚਕਾਰੀ ’ਚ ਪਾਣੀ ਦੀ ਵੇਸਟਜ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਮਾਰਕੀਟ ’ਚ ਆਏ ਦਿਨ ਵੱਖ-ਵੱਖ ਤਿਉਹਾਰਾਂ ਨੂੰ ਲੈ ਕੇ ਇਲੈਕਟਰੋਨਿਕ ਪ੍ਰੋਡਕਟ ਵੇਖਣ ਨੂੰ ਮਿਲੇ ਹਨ। ਇਸ ਵਾਰ ਹੋਲੀ ’ਤੇ ਵੀ ਇਲੈਕਟਰੋਨਿਕ ਪ੍ਰੋਡਕਟ ਦੀ ਬਹੁਤ ਜ਼ਿਆਦਾ ਡਿਮਾਂਡ ਹੈ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਪੰਜ ਤੋਂ 10% ਰੇਟ ’ਚ ਵਾਧਾ ਹੋਇਆ ਹੈ ਪਰ ਇਸ ਦਾ ਅਸਰ ਬਹੁਤ ਮਾਰਕੀਟ ਉੱਪਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਕੈਮੀਕਲ ਰੰਗਾਂ ਤੋਂ ਪਰਹੇਜ਼ ਕਰ ਰਹੇ ਹਨ ਅਤੇ ਆਰਗੈਨਿਕ ਕਲਰ ਦੀ ਡਿਮਾਂਡ ਵਧੀ ਹੈ। ਕਿਉਂਕਿ ਕੈਮੀਕਲ ਰੰਗ ਵਜ਼ਨ ’ਚ ਜ਼ਿਆਦਾ ਹੋਣ ਕਾਰਨ ਲੋਕ ਇਸ ਦਾ ਫ਼ਰਕ ਸਮਝਣ ਲੱਗੇ ਹਨ ,ਦੂਸਰਾ ਇਸਦਾ ਮਨੁੱਖੀ ਸਰੀਰ ਉੱਪਰ ਕਈ ਵਾਰ ਮਾੜਾ ਪ੍ਰਭਾਵ ਪੈ ਜਾਂਦਾ ਹੈ ਇਸ ਕਰ ਕੇ ਲੋਕ ਹੁਣ ਆਰਗੈਨਿਕ ਕਲਰ ਨੂੰ ਤਰਜੀਹ ਦੇਣ ਲੱਗੇ ਹਨ।
ਇਸ ਤੋਂ ਇਲਾਵਾ ਮਾਰਕੀਟ ’ਚ ਵੱਡੀ ਪੱਧਰ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਦੇ ਨਾਲ -ਨਾਲ ਪਾਣੀ ਵਾਲੇ ਰੰਗ ਵੀ ਆਉਣ ਲੱਗੇ ਹਨ ਹੋਲੀ ਦੇ ਤਿਉਹਾਰ ਨੂੰ ਲੈ ਕੇ ਚਾਈਨਾ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਜਾ ਰਹੇ ਹਨ, ਜੋ ਮਾਰਕੀਟ ਵਿੱਚ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਰੰਗਾਂ ਦੇ ਇਸ਼ਤਿਹਾਰ ਨੂੰ ਜਰੂਰ ਮਨਾਓ ਪਰ ਪਾਣੀ ਦੀ ਵੱਧ ਤੋਂ ਵੱਧ ਬਚਤ ਕਰੋ ਤਾਂ ਜੋ ਅਸੀਂ ਭਵਿੱਖ ਲਈ ਪਾਣੀ ਨੂੰ ਸੇਵ ਰੱਖ ਸਕੀਏ।
(For more news apart from Demand for electronic fireworks increases during Holi festival News in Punjabi, stay tuned to Rozana Spokesman)