
Amritsar News : ਗੈਰ ਕਾਨੂੰਨੀ ਕੰਮ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਪੁਲਿਸ ਕਮਿਸ਼ਨਰ
Amritsar News in Punjabi : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਅੱਜ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਨਸ਼ਾ ਤਸਕਰ ਅਜੇ ਕੁਮਾਰ ਉਰਫ ਬਿੱਲੀ ਦਾ ਘਰ ਜੇ ਸੀ ਬੀ ਮਸ਼ੀਨ ਅਤੇ ਮਜ਼ਦੂਰ ਲਗਾ ਕੇ ਮਲੀਆਮੇਟ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖਿਲਾਫ ਵੱਖ -ਵੱਖ ਥਾਣਿਆਂ ਵਿੱਚ ਪੰਜ ਮੁਕਦਮੇ ਦਰਜ ਹਨ, ਜਿਨਾਂ ਵਿੱਚੋਂ ਐਨਡੀਪੀਐਸ ਐਕਟ ਅਤੇ ਡਾਕੇ ਦਾ ਮੁਕਦਮਾ ਵੀ ਹੈ। ਉਹਨਾਂ ਕਿਹਾ ਕਿ ਇਸ ਉੱਤੇ ਲੱਗੀਆਂ ਇਹ ਧਰਾਵਾਂ ਅਤੇ ਇਸ ਦੀ ਕੇਸ ਹਿਸਟਰੀ ਤੋਂ ਸਪਸ਼ਟ ਹੈ ਕਿ ਇਹ ਨਸ਼ਾ ਤਸਕਰੀ ਦੇ ਧੰਦੇ ਵਿੱਚ ਲੰਮੇ ਸਮੇਂ ਤੋਂ ਸ਼ਾਮਿਲ ਹੈ। ਉਹਨਾਂ ਕਿਹਾ ਕਿ ਹੁਣ ਵੀ ਇਹ ਪੁਲਿਸ ਕੋਲੋਂ ਭਗੋੜਾ ਹੈ।
ਉਹਨਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਖਿਲਾਫ ਠੋਸ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗਲਤ ਕੰਮ ਕਰਨ ਵਾਲੇ ਲੋਕ ਮੁੱਖ ਧਾਰਾ ਵਿੱਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ। ਉਹਨਾਂ ਕਿਹਾ ਕਿ ਸਾਡੇ ਲਈ ਸਾਡੇ ਬੱਚੇ , ਸਾਡੀ ਜਵਾਨੀ ਨੂੰ ਸੰਭਾਲਣਾ ਬੇਹੱਦ ਜਰੂਰੀ ਹੈ , ਜੋ ਕਿ ਇਹਨਾਂ ਤਸਕਰਾਂ ਤੀਆਂ ਘਟੀਆ ਕਰਤੂਤਾਂ ਕਾਰਨ ਨਸ਼ੇ ਦੀ ਚੇਟਕ ਨਾਲ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ੍ਰੀ ਗੌਰਵ ਯਾਦਵ ਵੱਲੋਂ ਇਸ ਬਾਬਤ ਬੜੀਆਂ ਸਪਸ਼ਟ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਹੈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਡੀ ਸੀ ਪੀ ਸ਼੍ਰੀ ਆਲਮ ਵਿਜੇ ਸਿੰਘ, ਏਡੀਸੀਪੀ ਸ੍ਰੀ ਵਿਸ਼ਾਲਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਹਾਜ਼ਰ ਸਨ।
(For more news apart from District administration again demolishes drug smuggler Ajay Kumar's cat house News in Punjabi, stay tuned to Rozana Spokesman)