
306 ਡਾਕਟਰਾਂ ਦੀ ਭਰਤੀ ਛੇਤੀ, ਟੀ.ਬੀ. ਰੋਗੀਆਂ ਨੂੰ ਮਿਲੇਗੀ ਮਾਰਕਫ਼ੈੱਡ ਦੀ ਪੌਸ਼ਟਿਕ ਪੰਜੀਰੀ
ਸਿਹਤ ਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਸਿਵਲ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ ਵਿਚ ਬਾਇਉ ਮੀਟਰਿਕ ਹਾਜ਼ਰੀ ਵਿਵਸਥਾ ਲਾਗੂ ਕੀਤੀ ਜਾਵੇਗੀ। ਪਹਿਲੇ ਪੜਾਅ ਵਿਚ 22 ਜ਼ਿਲ੍ਹਾ ਹਸਪਤਾਲਾਂ ਵਿਚ ਮਈ ਅੱਧ ਤਕ ਇਹ ਢਾਂਚਾ ਸਥਾਪਤ ਕਰ ਦਿਤਾ ਜਾਵੇਗਾ। ਸਿਵਲ ਹਸਪਤਾਲ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਖ਼ਾਸਕਰ ਪੇਂਡੂ ਸਿਹਤ ਕੇਂਦਰਾਂ ਵਿਚ ਡਾਕਟਰਾਂ ਦੀ ਗ਼ੈਰ-ਹਾਜ਼ਰੀ ਸਬੰਧੀ ਲੋਕਾਂ ਵਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਨੂੰ ਦੂਰ ਕਰਨ ਲਈ ਬਾਇਉ ਮੀਟਰਿਕ ਹਾਜ਼ਰੀ ਸਿਸਟਮ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਪਕਰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ 20 ਲੱਖ ਰੁਪਏ ਦੀ ਲਾਗਤ ਨਾਲ ਸੀ.ਸੀ.ਟੀ.ਵੀ.ਕੈਮਰੇ ਵੀ ਲਾਏ ਜਾਣਗੇ। ਉਨ੍ਹਾਂ ਦਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 306 ਡਾਕਟਰਾਂ ਅਤੇ 41 ਮਾਹਰਾਂ ਦੀ ਭਰਤੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ।
biometric attendance system
ਜ਼ਿਲ੍ਹਾ ਪ੍ਰੀਸ਼ਦਾਂ ਵਿਚ ਕੰਮ ਕਰਦੇ 1100 ਡਾਕਟਰਾਂ ਨੂੰ ਸਿਹਤ ਵਿਭਾਗ ਵਿਚ ਲਿਆਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ ਅਤੇ ਹੁਣ ਤਕ 400 ਡਾਕਟਰਾਂ ਨੇ ਸਹਿਮਤੀ ਪ੍ਰਗਟਾਈ ਹੈ। ਸਿਹਤ ਮੰਤਰੀ ਨੇ ਦਸਿਆ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵਲੋਂ ਮਨਜ਼ੂਰ ਕੀਤਾ ਗਿਆ ਮੋਹਾਲੀ ਮੈਡੀਕਲ ਕਾਲਜ 2020 ਤਕ ਸ਼ੁਰੂ ਹੋ ਜਾਵੇਗਾ। ਉਨ੍ਹਾਂ ਜਲੰਧਰ ਸਿਵਲ ਹਸਪਤਾਲ ਵਿਖੇ ਅਗਲੇ ਤਿੰਨ ਮਹੀਨਿਆਂ ਦੌਰਾਨ 20 ਬਿਸਤਰਿਆਂ ਵਾਲਾ ਬਰਨ ਯੂਨਿਟ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਸਿਹਤ ਮੰਤਰੀ ਨੇ ਦਸਿਆ ਕਿ ਟੀ.ਬੀ. ਤੋਂ ਪੀੜਤ ਮਰੀਜ਼ਾਂ ਦੀ ਸਿਹਤ ਸੰਭਾਲ ਲਈ ਮਾਰਕਫ਼ੈਡ ਵਲੋਂ ਤਿਆਰ ਪੌਸ਼ਟਿਕ ਪੰਜੀਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਟੀ.ਬੀ.ਕਾਰਨ ਮਰੀਜ਼ਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਜਿੰਦਰ ਬੇਰੀ ਤੇ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਸਿਵਲ ਸਰਜਨ ਜਸਪ੍ਰੀਤ ਕੌਰ ਸੇਖੋਂ, ਮੈਡੀਕਲ ਸੁਪਰਡੰਟ ਡਾ.ਕੇ.ਐਸ.ਬਾਵਾ ਹਾਜ਼ਰ ਸਨ।