
ਪਟਿਆਲਾ ਹਮਲੇ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀਆ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਿਸ ਅਤੇ ਸਿਹਤ ਕਰਮੀਆਂ 'ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਮਨ ਅਰੋੜਾ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਸਾਰੇ ਵਿਧਾਇਕ) ਨੇ ਐਤਵਾਰ ਨੂੰ ਪਟਿਆਲਾ 'ਚ ਕੁੱਝ ਹੁੱਲੜਬਾਜ਼ਾਂ ਵਲੋਂ ਪੁਲਿਸ ਮੁਲਾਜ਼ਮਾਂ 'ਤੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
File photo
ਭਗਵੰਤ ਮਾਨ ਨੇ ਕਿਹਾ ਕੋਰੋਨਾ ਕਾਰਨ ਪੂਰੀ ਦੁਨੀਆ ਦੁੱਖ ਭਰੇ ਹਾਲਾਤ 'ਚ ਗੁਜ਼ਰ ਰਹੀ ਹੈ ਅਤੇ ਇਸ ਮਹਾਂਮਾਰੀ 'ਤੇ ਘਰਾਂ 'ਚ ਬੈਠ ਕੇ ਹੀ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸਾਨੂੰ ਸੱਭ ਨੂੰ ਜ਼ਿੰਮੇਵਾਰੀ ਨਾਲ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਪਟਿਆਲਾ ਵਾਂਗ ਕਈ ਹੋਰ ਥਾਵਾਂ 'ਤੇ ਵੀ ਪੁਲਿਸ-ਪ੍ਰਸ਼ਾਸਨ ਅਤੇ ਸਿਹਤ ਕਰਮੀਆਂ 'ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ, ਜੋ ਇਸ ਔਖੀ ਘੜੀ ਨੂੰ ਹੋਰ ਦੁਖਦਾਇਕ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀ ਤੇ ਮੁਲਾਜ਼ਮ, ਡਾਕਟਰ, ਨਰਸ, ਪੈਰਾਮੈਡੀਕਲ ਸਟਾਫ਼, ਐਂਬੂਲੈਂਸ ਡਰਾਈਵਰ ਅਤੇ ਸਫ਼ਾਈ ਕਰਮਚਾਰੀ ਇਸ ਸਮੇਂ ਅਪਣੇ ਘਰ ਅਤੇ ਪਰਵਾਰ ਛੱਡ ਕੇ ਕੋਰੋਨਾ ਵਾਇਰਸ ਵਿਰੁਧ ਲੋਕ ਸਵਾ 'ਚ ਲੱਗੇ ਹੋਏ ਹਨ। ਜੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਰੁਕੀਆਂ ਤਾਂ ਇਹ 'ਯੋਧੇ' ਕਿਸ ਹੌਸਲੇ ਨਾਲ ਕੋਰੋਨਾ 'ਤੇ ਫ਼ਤਿਹ ਪਾਉਣਗੇ?
ਮਾਨ ਤੇ ਚੀਮਾ ਸਮੇਤ 'ਆਪ' ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਵਿਰੁਧ ਨਿੱਤਰੇ ਪੁਲਿਸ-ਪ੍ਰਸ਼ਾਸਨ ਦੇ ਕਰਮਚਾਰੀਆਂ, ਡਾਕਟਰਾਂ, ਨਰਸਾਂ, ਪੈਰਾਮੈਡੀਕਲ ਕਰਮੀਆਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਸਫ਼ਾਈ ਸੇਵਕਾਂ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਸੁਰੱਖਿਅਤ ਸਾਜੋ-ਸਮਾਨ (ਕਿੱਟ) ਅਤੇ ਇਕ ਕਰੋੜ ਰੁਪਏ ਦਾ ਬੀਮਾ ਕਵਰ ਐਲਾਨਿਆ ਜਾਵੇ।
ਇਸ ਤੋਂ ਇਲਾਵਾ ਕੋਰੋਨਾ ਵਾਇਰਸ 'ਤੇ ਪੂਰੀ ਤਰਾਂ ਫ਼ਤਿਹ ਪਾਏ ਜਾਣ ਉਪਰੰਤ ਇਨ੍ਹਾਂ ਦਾ ਉਚੇਚੇ ਤੌਰ 'ਤੇ ਸਨਮਾਨ ਹੋਵੇ। ਵਿਸ਼ੇਸ਼ ਇਨਾਮੀ ਭੱਤੇ ਅਤੇ ਤਰੱਕੀਆਂ ਦਿਤੀਆਂ ਜਾਣ। ਜੋ ਕਰਮਚਾਰੀ ਸਾਲਾਂ-ਬੱਧੀ ਕੱਚੇ ਚੱਲੇ ਆ ਰਹੇ ਹਨ ਅਤੇ ਕੋਰੋਨਾ ਵਿਰੁਧ ਮੂਹਰਲੀ ਕਤਾਰ 'ਚ ਖੜ ਕੇ ਲੜ ਰਹੇ ਹਨ, ਉਨ੍ਹਾਂ ਨੂੰ ਪੱਕੇ ਕਰਨ ਦਾ ਸਿਧਾਂਤਕ ਫ਼ੈਸਲਾ ਤੁਰਤ ਲਿਆ ਜਾਵੇ।