
ਕੋਵਿਡ-19 ਮਹਾਂਮਾਰੀ ਨੇ ਜਿਥੇ ਸਾਰੀ ਦੁਨੀਆਂ ਦੀ ਨੀਂਦ ਖ਼ਰਾਬ ਕੀਤੀ ਹੋਈ ਹੈ, ਉਥੇ ਇਟਲੀ ਵਿਚ ਵੀ ਇਸ ਵਾਇਰਸ ਕਾਰਨ ਹੁਣ ਤਕ 19 ਹਜ਼ਾਰ ਤੋਂ ਵੱਧ ਲੋਕਾਂ ..
ਖੰਨਾ (ਪਪ): ਕੋਵਿਡ-19 ਮਹਾਂਮਾਰੀ ਨੇ ਜਿਥੇ ਸਾਰੀ ਦੁਨੀਆਂ ਦੀ ਨੀਂਦ ਖ਼ਰਾਬ ਕੀਤੀ ਹੋਈ ਹੈ, ਉਥੇ ਇਟਲੀ ਵਿਚ ਵੀ ਇਸ ਵਾਇਰਸ ਕਾਰਨ ਹੁਣ ਤਕ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁਕੀ ਹੈ। ਇਸੇ ਦੌਰਾਨ ਇਟਲੀ ਦੇ ਜ਼ਿਲ੍ਹਾ ਪਿਚੈਂਸਾ ਦੇ ਪਿੰਡ ਕੋਰਤੇਮਾਜੀਉਰ ਵਿਚ ਰਹਿਣ ਵਾਲੇ ਇਕ ਹੋਰ ਪੰਜਾਬੀ ਇਕਬਾਲ ਸਿੰਘ ਦੀ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨਾਲ ਮੌਤ ਹੋ ਗਈ ਹੈ।
ਉਹ ਪੰਜਾਬ ਦੇ ਖੰਨਾ ਸ਼ਹਿਰ 'ਚ ਰਹਿਣ ਵਾਲੇ ਸਨ। ਉਨ੍ਹਾਂ ਦੇ ਪਰਵਾਰ ਵਿਚ ਪਤਨੀ, ਦੋ ਬੇਟੇ ਅਤੇ ਇਕ ਧੀ ਹਨ। ਇਕਬਾਲ ਸਿੰਘ ਪਿਛਲੇ ਸਾਲ 2019 ਵਿਚ ਅਪਣੇ ਤਿੰਨੋਂ ਬੱਚਿਆਂ ਦੇ ਵਿਆਹ ਕਰ ਕੇ ਵਾਪਸ ਇਟਲੀ ਗਏ ਸਨ। ਉਹ ਪਿਛਲੇ 15 ਦਿਨਾਂ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਸਨ, ਤੇ ਪਿਚੈਂਸਾ ਸ਼ਹਿਰ ਦੇ ਵੱਡੇ ਹਸਪਤਾਲ ਵਿਚ ਦਾਖ਼ਲ ਸਨ। ਉਹ ਇਸ ਵਾਇਰਸ ਨਾਲ ਲੜਾਈ ਲੜਦੇ-ਲੜਦੇ 11 ਅਪ੍ਰੈਲ ਦਿਨ ਨੂੰ ਦੁਪਿਹਰ ਵੇਲੇ ਅਪਣੀ ਜ਼ਿੰਦਗੀ ਨੂੰ ਅਲਵਿਦਾ ਕਰ ਗਏ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿਚ ਪਹਿਲਾਂ ਵੀ ਹੁਣ ਤਕ 4 ਪੰਜਾਬੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਕੇ ਅਪਣੀ ਜਾਨ ਗੁਆ ਚੁਕੇ ਹਨ।