
ਗਰਮੀ ਨਾਲ ਕਣਕ ਦਾ ਝਾੜ ਘਟਣ ਸਦਕਾ ਸੰਕਟ ਵਧਿਆ
ਪੰਜਾਬ ਦੀਆਂ ਖ਼ਰੀਦ ਏਜੰਸੀਆਂ ਨੇ ਕੀਤਾ ਖ਼ਰੀਦ ਦਾ ਕੰਮ ਬੰਦ ਕਰਨ ਦਾ ਐਲਾਨ
ਚੰਡੀਗੜ੍ਹ, 12 ਅਪ੍ਰੈਲ (ਭੁੱਲਰ) : ਇਸ ਵਾਰ ਸਮੇਂ ਤੋਂ ਪਹਿਲਾਂ ਗਰਮੀ ਪੈਣ ਕਾਰਨ ਕਣਕ ਦੀ ਫ਼ਸਲ 'ਤੇ ਮਾਰ ਪਈ ਹੈ ਅਤੇ ਇਸ ਦਾ ਦਾਣਾ ਖ਼ਰਾਬ ਹੋਣ ਨਾਲ ਗੁਣਵੱਤਾ ਘਟਣ ਕਾਰਨ ਸੰਕਟ ਵਧਿਆ ਹੈ | ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਸਾਂਝੀ ਕਮੇਟੀ ਨੇ ਖ਼ਰੀਦ ਨਾ ਕਰਨ ਦਾ ਐਲਾਨ ਕਰ ਦਿਤਾ ਹੈ | ਉਹ ਕਵਰਡ ਸਟੋਰੇਜ ਦੀ ਸਰਕਾਰ ਤੋਂ ਮੰਗ ਕਰ ਰਹੇ ਹਨ ਤੇ ਦਾਣੇ ਦੀ ਖ਼ਰਾਬੀ ਦੇ ਮਾਪਦੰਡਾਂ ਵਿਚ ਛੋਟ ਦੀ ਮੰਗ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਨਾ ਕਰਨੀ ਪਵੇ | ਐਫ਼ਸੀਆਈ ਵੀ ਇਸ ਸਥਿਤੀ ਵਿਚ ਖ਼ਰੀਦ ਤੋਂ ਹੱਥ ਪਿੱਛੇ ਖਿੱਚਣ ਦੀ ਤਿਆਰੀ ਵਿਚ ਹੈ ਅਤੇ ਕਿਸਾਨ ਆਗੂਆਂ ਨੇ ਵੀ ਖ਼ਰੀਦ ਵਿਚ ਰੁਕਾਵਟ 'ਤੇ ਸਰਕਾਰ ਨੂੰ ਚੇਤਾਵਨੀ ਦੇ ਦਿਤੀ ਹੈ |
ਨਿਰਪੱਖ ਔਸਤ ਗੁਣਵੱਤਾ ਦਾ ਬਹਾਨਾ ਬਣਾ ਕੇ ਐਫ਼ ਸੀ ਆਈ ਕਣਕ ਖ਼੍ਰੀਦਣ ਤੋਂ ਹੱਥ ਖਿੱਚਣ ਦੀ ਤਾਕ ਵਿਚ ਹੈ | ਐਫ਼ ਸੀ ਆਈ ਨੇ ਪੰਜਾਬ ਅੰਦਰ ਹੁਣ ਤਕ ਮੰਡੀਆਂ ਵਿਚ ਖ਼੍ਰੀਦ ਕੀਤੀ ਕਣਕ ਨੂੰ ਨਾ ਚੁੱਕਣ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿਤਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਐਫ਼ ਸੀ ਆਈ ਦੇ ਇਸ ਕਿਸਾਨ ਵਿਰੋਧੀ ਫ਼ੈਸਲੇ ਦਾ ਗੰਭੀਰ ਨੋਟਿਸ ਲਿਆ ਹੈ | ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪਧਾਨ ਮਨਜੀਤ ਧਨੇਰ ਨੇ ਪੈੱਸ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਮਾਰਚ ਮਹੀਨੇ ਵਿਚ ਬਹੁਤ ਜ਼ਿਆਦਾ ਗਰਮੀ ਪੈਣ ਨਾਲ ਕਣਕ ਦਾ ਦਾਣਾ ਮਾਜੂ ਪੈ ਗਿਆ ਹੈ ਜਿਸ ਕਰ ਕੇ ਕਣਕ ਦਾ ਝਾੜ ਦਸ ਤੋਂ ਪੰਦਰਾਂ ਮਣ ਪ੍ਰਤੀ ਏਕੜ ਘੱਟ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡੀ ਆਰਥਕ ਸੱਟ ਵੱਜੀ ਹੈ ਕਿਉਂਕਿ ਕਿਸਾਨ ਪਹਿਲਾਂ ਹੀ ਸਮੇਂ ਸਮੇਂ ਦੀਆਂ
ਹਕੂਮਤਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਕਿਸਾਨ ਬੁਰੀ ਤਰ੍ਹਾਂ ਕਰਜ਼ੇ ਦੇ ਸੰਕਟ ਫਸਿਆ ਹੋਇਆ ਹਰ ਰੋਜ਼ ਖ਼ੁਦਕਸ਼ੀਆਂ ਕਰ ਰਿਹਾ ਹੈ | ਕਣਕ ਦਾ ਝਾੜ ਘਟਣ ਵਿਚ ਕਿਸਾਨਾਂ ਦਾ ਕੋਈ ਦੋਸ਼ ਨਹੀਂ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਸੀ | ਸਮੇਂ ਤੋਂ ਪਹਿਲਾਂ ਜ਼ਿਆਦਾ ਗਰਮੀ ਪੈਣ ਨਾਲ ਇਹ ਝਾੜ ਕੁਦਰਤੀ ਕਰੋਪੀ ਕਾਰਨ ਘਟਿਆ ਹੈ |