
ਮਿਹਨਤ ਕਰ ਕੇ ਖੜੀ ਕੀਤੀ ਕਰੋੜਾਂ ਦੀ ਕੰਪਨੀ
ਅਸੀਂ ਜ਼ਿੰਦਗੀ ਵਿਚ ਬਹੁਤ ਸਾਰੇ ਸੁਪਨੇ ਦੇਖਦੇ ਹਾਂ ਜਿਨ੍ਹਾਂ ਨੂੰ ਪੂਰਾ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਹ ਸੁਪਨੇ ਪੂਰੇ ਵੀ ਹੁੰਦੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਇਕ ਅਜੀਹੀ ਸ਼ਖ਼ਸੀਅਤ ਪਦਮ ਸ੍ਰੀ ਰਜਨੀ ਬੈਕਟਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਇਕ ਸੁਪਨਾ ਦੇਖਿਆ ਤੇ ਪੂਰਾ ਵੀ ਕੀਤਾ, ਜੋ ਕ੍ਰੇਮਿਕਾ ਫ਼ੂਡ ਦੇ ਸੰਸਥਾਪਕ ਹਨ। ਰਜਨੀ ਬੈਕਟਰ ਨੇ ਕਿਹਾ ਕਿ ਮੇਰਾ ਵਿਆਹ 17 ਸਾਲ ਦੀ ਉਮਰ ਵਿਚ ਹੋ ਗਿਆ ਸੀ। ਮੇਰਾ ਜਨਮ ਕਰਾਚੀ ਵਿਚ ਹੋਇਆ ਪਰ ਮੈਂ ਉਥੇ ਨਹੀਂ ਰਹੀ ਕਿਉਂਕਿ ਮੇਰੇ ਪਿਤਾ ਜੀ ਨੌਕਰੀ ਕਰਦੇ ਸਨ ਜਿਨ੍ਹਾਂ ਦੀ ਬਦਲੀ ਹੁੰਦੀ ਰਹਿੰਦੀ ਸੀ ਤੇ ਮੈਂ ਵੀ ਉਨ੍ਹਾਂ ਨਾਲ ਹੀ ਰਹਿੰਦੀ ਸੀ।
ਜਦੋਂ ਮੇਰੀ 7 ਸਾਲ ਉਮਰ ਸੀ ਉਦੋਂ ਭਾਰਤ ਦੀ ਵੰਡ ਹੋ ਗਈ ਸੀ ਉਸ ਸਮੇਂ ਅਸੀਂ ਕਸ਼ਮੀਰ ਮੇਰੇ ਨਾਨਾ ਜੀ ਕੋਲ ਗਏ ਹੋਏ ਸੀ, ਜਿਥੇ ਅਸੀਂ 6 ਮਹੀਨੇ ਰਹੇ। ਇਸ ਤੋਂ ਬਾਅਦ ਅਸੀਂ ਵੱਖ-ਵੱਖ ਜਗ੍ਹਾ ’ਤੇ ਰਹੇ ਤੇ ਦਿੱਲੀ ’ਚ ਰਹਿੰਦੇ ਸਮੇਂ ਮੇਰੇ ਭਰਾ ਦੀ 28 ਸਾਲ ਦੀ ਉਮਰ ’ਚ ਮੌਤ ਹੋ ਗਈ। ਜਿਸ ਤੋਂ ਬਾਅਦ 17 ਸਾਲ ਦੀ ਉਮਰ ਵਿਚ 1957 ਵਿਚ ਮੇਰਾ ਵਿਆਹ ਕਰ ਦਿਤਾ ਗਿਆ। ਜਿਸ ਤੋਂ ਬਾਅਦ ਮੇਰੇ ਤਿੰਨ ਪੁੱਤਰ ਹੋਏ। ਜਿਨ੍ਹਾਂ ਨੂੰ ਅਸੀਂ ਪਟਿਆਲਾ ਹੋਸਟਲ ਵਿਚ ਪਾ ਦਿਤਾ। ਅਸੀਂ ਲੁਧਿਆਣਾ ਵਿਚ ਰਹਿੰਦੇ ਸਾਂ। ਜਿਸ ਤੋਂ ਬਾਅਦ ਮੈਂ ਦਿਨ ਵੇਲੇ ਘਰ ਵਿਚ ਇਕੱਲੀ ਰਹਿੰਦੀ ਸੀ।
ਇਸ ਕਰ ਕੇ ਮੈਂ ਘਰ ’ਚ ਆਈਸਕਰੀਮ ਬਣਾਉਣੀ ਸ਼ੁਰੂ ਕੀਤੀ ਤੇ ਸਾਰਿਆਂ ਨੂੰ ਖੁਆਉਂਦੀ ਹੁੰਦੀ ਸੀ। ਜਿਸ ਦੌਰਾਨ ਸਾਡੇ ਮਿੱਤਰ ਜੋ ਡਾਕਟਰ ਸੀ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਕੋਈ ਕੰਮ ਕਿਉਂ ਨਹੀਂ ਸ਼ੁਰੂ ਕਰਦੀ। ਜਿਸ ਤੋਂ ਬਾਅਦ ਮੈਂ 1960 ਵਿਚ ਮੈਂ ਪਹਿਲੀ ਵਾਰ ਆਪ ਆਈਸਕਰੀਮ ਬਣਾ ਕੇ ਵੇਚਣ ਲੱਗ ਗਈ। ਮੇਰੀ ਸਟਾਲ ’ਤੇ ਬੜੀ ਭੀੜ ਲੱਗਣ ਲੱਗ ਪਈ ਤੇ ਮੈਂ ਦੋ ਤਿੰਨ ਵੱਖ-ਵੱਖ ਥਾਵਾਂ ’ਤੇ ਸਟਾਲ ਲਗਾ ਦਿਤੇ। ਇਸੇ ਦੌਰਾਨ ਮੈਨੂੰ ਕਿਸੇ ਨੇ ਇਕ ਪ੍ਰੋਗਰਾਮ ਦਾ ਆਰਡਰ ਦਿਤਾ ਪਰ ਮੈਂ ਨਾਂਹ ਕਰ ਦਿਤੀ ਕਿ ਮੈਂ ਤਾਂ ਸਿਰਫ਼ ਸੌਕ ਕਰ ਕੇ ਹੀ ਕੰਮ ਕਰਦੀ ਹਾਂ ਮੈਂ ਇਹ ਆਰਡਰ ਨਹੀਂ ਲੈ ਸਕਦੀ।
photo
ਪਰ ਬਾਅਦ ਵਿਚ ਮੈਂ ਉਹ ਪ੍ਰੋਗਰਾਮ ਦਾ ਆਰਡਰ ਪੂਰਾ ਕੀਤਾ। ਇਸ ਤੋਂ ਬਾਅਦ ਮੈਨੂੰ ਡਾ. ਐਸ.ਸੀ ਜੈਨ ਨੇ ਇਕ ਆਈਸਕਰੀਮ ਦੀ ਮਸ਼ੀਨ ਦਿਵਾਈ ਤੇ ਆਪਣੀ ਕੋਠੀ ਦੇ ਪਿੱਛੇ ਆਪਣਾ ਕੰਮ ਸ਼ੁਰੂ ਕੀਤਾ। ਜਿਸ ਤੋਂ ਬਾਅਦ ਮੈਂ 1978 ਵਿਚ ਕ੍ਰੇਮਿਕਾ ਬਣਾਉਣਾ ਸ਼ੁਰੂ ਕੀਤਾ ਤੇ ਮੇਰੇ ਵਲੋਂ ਬਣਾਇਆ ਸਮਾਨ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਆਦਿ ਸਾਰੇ ਪਾਸੇ ਜਾਣ ਲੱਗ ਪਿਆ। ਇਸ ਤੋਂ ਬਾਅਦ ਮੇਰਾ ਸਮਾਨ ਦਿੱਲੀ, ਬਨਾਰਸ ਤਕ ਜਾਣ ਲੱਗ ਪਿਆ। ਇਸ ਤੋਂ ਬਾਅਦ ਮੈਂ ਘਰ ਵਿਚ ਹੀ ਬਰੈਡ ਬਣਾਉਣੇ ਸ਼ੁਰੂ ਕਰ ਦਿਤੇ। 1990 ਤਕ ਮੈਂ ਇਕੱਲੀ ਨੇ ਕੰਮ ਕੀਤਾ, ਸਿਰਫ਼ ਇਕ ਹੈਲਪਰ ਰੱਖਿਆ ਹੋਇਆ ਸੀ।
ਇਸ ਤੋਂ ਬਾਅਦ ਅਸੀਂ 1990 ਵਿਚ ਬਿਸਕਿਟ ਤੇ ਬਰੈਡ ਦਾ ਵੱਡਾ ਪਲਾਂਟ ਲਗਾਇਆ। ਜਿਸ ਵਿਚ ਲੱਗੀਆਂ ਮਸ਼ੀਨਾਂ ਚਲਾਉਣ ਲਈ ਅਸੀਂ ਵਰਕਰ ਰੱਖੇ, ਕਿਉਂਕਿ ਇਸ ਪਲਾਂਟ ਨੂੰ ਮੈਂ ਇਕੱਲੀ ਨਹੀਂ ਚਲਾ ਸਕਦੀ ਸੀ। ਇਸ ਤੋਂ ਬਾਅਦ 1995 ਵਿਚ ਬਾਹਰ ਤੋਂ ਆਈ ਕੰਪਨੀ ਮੈਕ ਡੋਨਲਡ ਨੇ ਸਾਡੇ ਨਾਲ ਸੰਪਰਕ ਕੀਤਾ, ਪਰ ਪੰਜਾਬ ਤੋਂ ਉਨ੍ਹਾਂ ਨਾਲ ਸਾਡਾ ਜ਼ਿਆਦਾ ਦੇਰ ਕੰਮ ਨਹੀਂ ਚੱਲ ਸਕਿਆ। ਫਿਰ ਅਸੀਂ ਉਨ੍ਹਾਂ ਨਾਲ ਮੱਧ ਪ੍ਰਦੇਸ਼ ਤੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਨ੍ਹਾਂ ਲਈ ਬੰਦ ਬਣਾ ਕੇ ਭੇਜਦੇ ਸੀ। ਇਸ ਤੋਂ ਬਾਅਦ ਅਸੀਂ ਮੈਕਸੀਕੋ ਦੀ ਕੰਪਨੀ ਨਾਲ ਜੁੜੇ।
photo
ਉਨ੍ਹਾਂ ਕਿਹਾ ਕਿ ਇਥੇ ਤਕ ਪਹੁੰਚਣ ਲਈ ਮੈਨੂੰ ਬਹੁਤ ਮਿਹਨਤ ਕਰਨੀ ਪਈ, ਜਿਸ ਵਿਚ ਮੁਸ਼ਕਲਾਂ ਵੀ ਬਹੁਤ ਆਈਆਂ। ਅੱਜ ਕਲ ਦੇ ਨੌਜਵਾਨ ਸੋਚਦੇ ਹਨ ਕਿ ਅਸੀਂ ਇਕ ਦਮ ਛਾਲ ਮਾਰ ਕੇ ਉਪਰ ਤਕ ਪਹੁੰਚ ਜਾਈਏ ਪਰ ਇਸ ਤਰ੍ਹਾਂ ਨਹੀਂ ਹੁੰਦਾ, ਹੌਲੀ ਹੌਲੀ ਅੱਗੇ ਵਧੀਆ ਜਾਂਦਾ ਹੈ ਤੇ ਸਚਾਈ, ਮਿਹਨਤ ਕਰ ਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇ ਅਸੀਂ ਸਚਾਈ ਨਾਲ ਸਾਫ਼ ਸੁਥਰਾ ਕੰਮ ਕਰਾਂਗੇ ਤਾਂ ਹੀ ਸਫ਼ਲ ਹੋ ਪਾਵਾਂਗੇ ਤੇ ਉਹ ਹੀ ਕੰਮ ਵਧੇਗਾ ਤੇ ਫੁਲੇਗਾ। ਸਾਨੂੰ ਆਪਣੇ ਕੰਮ ਲਈ ਨਾ ਤਾਂ ਦਿਨ ਦੇਖਣਾ ਹੈ ਤੇ ਨਾ ਹੀ ਰਾਤ ਜਦੋਂ ਕੰਮ ਆਇਆ ਸਾਨੂੰ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ।
ਸਾਨੂੰ ਆਪਣੇ ਵਰਕਰਾਂ ਨਾਲ ਮਿਲ ਕੇ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦੇ ਦੁੱਖ ਸੁਖ ਵਿਚ ਸਾਥ ਦੇਣਾ ਪੈਂਦਾ ਹੈ ਤਾਂ ਹੀ ਉਹ ਖ਼ੁਸ਼ ਹੋ ਕੇ ਕੰਮ ਕਰਨਗੇ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਅਸੀਂ ਆਪਣੇ ਸਟਾਫ਼ ਦਾ ਬਹੁਤ ਧਿਆਨ ਰੱਖਦੇ ਹਾਂ, ਜਿਨ੍ਹਾਂ ਦੇ ਬੱਚੇ ਪੜ੍ਹਨ ਵਿਚ ਤੇਜ਼ ਹੁੰਦੇ ਹਨ ਉਨ੍ਹਾਂ ਦੀ ਵੀ ਮਦਦ ਕਰਦੇ ਹਾਂ। ਇਕ ਦਿਨ ਵਿਚ ਕੋਈ ਵੀ ਸਿੱਖ ਨਹੀਂ ਸਕਦਾ, ਸਫ਼ਲ ਨਹੀਂ ਹੋ ਸਕਦਾ, ਹਰ ਇਕ ਕੰਮ ਨੂੰ ਚਲਣ ਲਈ ਸਮਾਂ ਤਾਂ ਲਗਦਾ ਹੀ ਹੈ। ਸਾਡੀ ਲੁਧਿਆਣਾ ਵਿਚ ਪਹਿਲੀ ਫ਼ੈਕਟਰੀ ਸੀ, ਇਸ ਤੋਂ ਬਾਅਦ ਅਸੀਂ ਰਾਜਪੁਰਾ, ਪੁਨੇ, ਦਿੱਲੀ, ਬੰਬੇ ਅਤੇ ਇੰਦੌਰ ਆਦਿ ਵਿਚ ਫ਼ੈਕਟਰੀਆਂ ਖੋਲ੍ਹੀਆਂ ਹਨ।
ਅਸੀਂ ਅੱਜ 67 ਦੇਸ਼ਾਂ ਵਿਚ ਆਪਣਾ ਸਮਾਨ ਸਪਲਾਈ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਤੁਹਾਡੇ ’ਤੇ ਮਾਣ ਹੈ। ਜਿਸ ਤੋਂ ਬਾਅਦ ਮੇਰਾ ਹੌਸਲਾ ਵਧਿਆ। ਮੈਨੂੰ ਕਈ ਵਾਰ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਕ੍ਰੈਮਿਕਾ ਕੰਪਨੀ ਵਿਚ ਬੈਸਟ ਮਸ਼ੀਨਾਂ ਨਾਲ ਸਮਾਨ ਤਿਆਰ ਕੀਤਾ ਜਾਂਦਾ ਹੈ, ਇਹ ਮਸ਼ੀਨਾਂ ਸਾਇਦ ਹੀ ਭਾਰਤ ਵਿਚ ਕਿਸੇ ਹੋਰ ਕੋਲ ਹੋਣ।
ਰਜਨੀ ਬੈਕਟਰ ਨੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਫ਼ਲ ਕਰਨਾ ਹੈ ਤਾਂ ਉਨ੍ਹਾਂ ’ਤੇ ਬੋਝ ਨਾ ਪਾਉ ਕਿ ਤੁਸੀਂ ਇਹ ਕੰਮ ਕਰਨਾ ਹੈ, ਜੋ ਤੁਹਾਡੇ ਬੱਚੇ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕਰਨ ਦਿਉ। ਸਾਡੇ ਬੱਚੇ ਜਿਸ ਲਾਈਨ ਵਿਚ ਜਾਣਾ ਚਾਹੁੰਦੇ ਹਨ, ਚਾਹੇ ਉਹ ਡਾਕਟਰ, ਇੰਜੀਨੀਅਰ, ਪੁਲਿਸ ਆਦਿ ਕੁੱਝ ਵੀ ਕਰਨਾ ਜਾਂ ਬਨਣਾ ਚਾਹੁੰਦੇ ਹਨ, ਉਨ੍ਹਾਂ ਨੂੰ ਉਸੇ ਲਾਈਨ ਵਿਚ ਭੇਜੋ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਵੀ ਮੁੰਡੇ ਜਿੰਨਾ ਮਾਣ ਦਿਉ ਦੋਹਾਂ ਨੂੰ ਬਰਾਬਰ ਸਮਝੋ।
photo