
ਯੂਥ ਜਨਰਲ ਸਕੱਤਰ ਬਾਵਾ ਨੇ ਕੋਰੋਨਾ ਤੋਂ ਬਚਾਅ ਲਈ ਹੋਮਿਓਪੈਥਿਕ ਦਵਾਈ ਵੰਡੀ
ਡੇਰਾਬੱਸੀ, 12 ਮਈ (ਗੁਰਜੀਤ ਸਿੰਘ ਈਸਾਪੁਰ): ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਅਤੇ ਕੁੱਲ ਹਿੰਦ ਕਾਂਗਰਸ ਦੇ ਮੁੱਖ ਬੁਲਾਰੇ ਅਮਿਤ ਬਾਵਾ ਸੈਣੀ ਵੱਲੋਂ ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਪਹਿਲੀ ਕਤਾਰ ਵਿਚ ਡਟੇ ਪੁਲਿਸ ਮੁਲਾਜ਼ਮਾਂ, ਸਫ਼ਾਈ ਕਰਮਚਾਰੀਆਂ ਅਤੇ ਪੱਤਰਕਾਰਾਂ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਲਈ ਹੋਮਿਓਪੈਥੀ ਦਵਾਈ ਵੰਡੀ ਗਈ।
ਇਸ ਮੌਕੇ ਅਮਿਤ ਬਾਵਾ ਦੀ ਪਤਨੀ ਡਾ. ਭਵਨੀਤ ਕੌਰ ਬਾਵਾ ਜੋ ਡਾ. ਬਤਰਾ ਪੋਸਿਟਵ ਹੈਲਥ ਕੇਅਰ ਕਲੀਨਿਕਸ ਚੰਡੀਗੜ੍ਹ ਵਿਖੇ ਬਤੌਰ ਰੀਜ਼ਨਲ ਹੈਡ ਕੰਮ ਕਰਦੇ ਹਨ ਅਤੇ ਉਹ ਪੰਜਾਬ, ਹਰਿਆਣਾ , ਹਿਮਾਚਲ, ਜੰਮੂ ਅਤੇ ਉਤਰਾਖੰਡ ਦੇ ਇੰਚਾਰਜ਼ ਵੀ ਹਨ ਨੇ ਦੱਸਿਆ ਕਿ ਹੋਮਿਓਪੈਥਿਕ ਦਵਾਈ ਸਾਡੇ ਰੋਗ ਨਾਲ ਲੜਨ ਦੀ ਸਮੱਰਥਾ ਵਧਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਹ ਦਵਾਈ ਡੇਰਾਬੱਸੀ ਪੁਲਿਸ ਥਾਣੇ ਵਿਖੇ ਤੈਨਾਤ ਪੁਲਿਸ ਮੁਲਾਜ਼ਮਾਂ ਲਈ ਥਾਣਾ ਮੁਖੀ ਸਬ ਇੰਸਪੈਕਟਰ ਸਤਿੰਦਰ ਸਿੰਘ , ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਲਈ ਕਾਰਜਸਾਧਕ ਅਫ਼ਸਰ ਅਤੇ ਪੱਤਰਕਾਰਾਂ ਲਈ ਮਨੋਜ ਰਾਜਪੂਤ ਨੂੰ ਸੌਂਪੀ ਗਈ।
ਉਨਾਂ ਦੱਸਿਆ ਕਿ ਇਹ ਦਵਾਈ 'ਆਰਸੈਨਿਕ ਐਲਬਮ 30'ਦੀਆਂ ਖ਼ੁਰਾਕਾਂ ਹਰ ਮਹੀਨੇ ਉਦੋਂ ਤੱਕ ਦਿੱਤੀਆ ਜਾਣਗੀਆ ਜਦੋਂ ਤੱਕ ਕੋਰੋਨਾ ਦੀ ਕੋਈ ਵੈਕਸੀਨ ਨਾ ਆ ਜਾਵੇ।
ਇਸ ਮੌਕੇ ਅਮਿਤ ਬਾਵਾ ਨੇ ਦੱਸਿਆ ਕਿ ਨਸੂ ਇੰਗਲੈਂਡ ਜਰਨਲ ਵਿਚ ਪ੍ਰਕਾਸ਼ਿਤ ਹੋਈ ਇੱਕ ਸਟੱਡੀ ਦੇ ਡਾਟੇ ਮੁਤਾਬਕ ਇਤਿਹਾਸਕ ਤੱਥਾਂ ਦੇ ਅਧਾਰ 'ਤੇ ਇਹ ਪੁਸ਼ਟੀ ਹੁੰਦੀ ਹੈ ਕਿ ਦੁਨੀਆ ਭਰ ਵਿਚ ਵੱਖ ਵੱਖ ਮਹਾਂਮਾਰੀਆ ਦੌਰਾਨ ਹੋਮਿਓਪੈਥੀ ਦਵਾਈਆ ਨਾਲ 90 ਫ਼ੀਸਦੀ ਮਰੀਜ਼ ਠੀਕ ਹੋਏ ਹਨ।
ਭਾਰਤ ਸਰਕਾਰ ਦੇ ਆਯੁਸ਼ ਵਿਭਾਗ ਵੱਲੋਂ ਹੁਣ ਤੱਕ ਲਗਭਗ 4 ਲੱਖ 65 ਹਜ਼ਾਰ ਲੋਕਾਂ ਨੂੰ ਇਹ ਦਵਾਈ ਦਿੱਤੀ ਜਾ ਚੁੱਕੀ ਹੈ। ਜਿਨ੍ਹਾਂ ਵਿਚੋਂ ਕਿਸੇ ਨੂੰ 'ਕੋਵਿਡ 19' ਨਹੀਂ ਹੋਇਆ। ਗੋਆ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਇਹ ਦਵਾਈ ਦਿੱਤੀ ਹੈ। ਇਸ ਮੌਕੇ ਡਾ. ਵਿਕਾਸ ਜਸਵਾਲ, ਲਖਵੀਰ ਲੱਕੀ ਅਤੇ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।