
‘ਐਪ’ ਬਣਾਉਣ ਦਾ ਮਕਸਦ ਆਲੇ-ਦੁਆਲੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਕਾਰਵਾਈ ਕਰਦਿਆਂ ਰੋਕਣਾ ਹੈ
ਫਾਜ਼ਿਲਕਾ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ‘ਪੰਜਾਬ ਮਾਈਨਿੰਗ ਐਪ’ ਲਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ‘ਐਪ’ ਆਪਣੇ ਐਂਟਰਾਇਡ ਫੋਨ ਤੋਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਿਕਾਇਤਕਰਤਾ ਇਸ ‘ਐਪ’ ’ਤੇ ਜਾ ਕੇ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਰਹੱਦੀ ਜ਼ਿਲ੍ਹੇ ’ਚ ਨਾਜਾਇਜ਼ ਮਾਈਨਿੰਗ ਦੀ ਸਮੱਸਿਆ ਕਾਫ਼ੀ ਪੁਰਾਣੀ ਹੈ।
Illegal Mining
ਉਨ੍ਹਾਂ ਦੱਸਿਆ ਕਿ ‘ਐਪ’ ਬਣਾਉਣ ਦਾ ਮਕਸਦ ਆਲੇ-ਦੁਆਲੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਕਾਰਵਾਈ ਕਰਦਿਆਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸ਼ਿਕਾਇਤ ਕਰਤਾ ਇਸ ‘ਐਪ’ ਰਾਹੀਂ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਦਰਜ ਕਰਵਾਏਗਾ ਤਾਂ ਮਾਈਨਿੰਗ ਵਾਲੇ ਸਥਾਨ ਦੇ ਲੈਟੀਟੂਡ, ਲੋਂਗੀਟੂਡ ਸਮੇਤ ਸ਼ਿਕਾਇਤ ਸਿੱਧੇ ਤੌਰ ’ਤੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲਿਸ ਮੁਖੀ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਕੋਲ ਪਹੁੰਚ ਜਾਵੇਗੀ, ਜੋ ਕਿ ਤੁਰੰਤ ਕਾਰਵਾਈ ਕਰਨ ਲਈ ਯੋਗ ਹੋਣਗੇ।
Punjab Government
ਉਨ੍ਹਾਂ ਕਿਹਾ ਕਿ ਇਸ ‘ਐਪ’ ਦੀ ਵਰਤੋਂ ਨਾਲ ਹੁਣ ਝੂਠੀਆਂ ਸ਼ਿਕਾਇਤਾਂ ਤੋਂ ਵੀ ਨਿਜਾਤ ਮਿਲੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ’ਚ ਜਿਥੇ ਕਿਤੇ ਵੀ ਨਾਜਾਇਜ਼ ਮਾਈਨਿੰਗ ਹੁੰਦੀ ਨਜ਼ਰ ਆਉਂਦੀ ਹੈ ਤਾਂ ਜਾਗਰੂਕ ਨਾਗਰਿਕ ਇਸ ਦੀ ਸ਼ਿਕਾਇਤ ਪੰਜਾਬ ਮਾਈਨਜ਼ ‘ਐਪ’ ’ਤੇ ਕਰ ਸਕਦੇ ਹਨ।