
ਉਤਰੀ ਕੋਰੀਆ ਆਇਆ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ਭਰ ’ਚ ਐਮਰਜੈਂਸੀ ਲਗਾਈ
ਸਿਉਲ, 12 ਮਈ : ਕੋਰੋਨਾ ਦਾ ਡਰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਤਾਜ਼ਾ ਖ਼ਬਰ ਉਤਰੀ ਕੋਰੀਆ ਤੋਂ ਆ ਰਹੀ ਹੈ। ਇਥੇ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪੂਰੇ ਦੇਸ਼ ’ਚ ਐਮਰਜੈਂਸੀ ਲਗਾ ਦਿਤੀ ਗਈ ਹੈ। ਲਗਭਗ ਦੋ ਸਾਲਾਂ ਤਕ, ਉਤਰੀ ਕੋਰੀਆ ਮਹਾਮਾਰੀ ਤੋਂ ਅਪਣੇ ਆਪ ਨੂੰ ਬਚਾਉਣ ਵਿਚ ਸਫ਼ਲ ਰਿਹਾ, ਪਰ ਹੁਣ ਸੰਕਰਮਣ ਇਥੇ ਵੀ ਪਹੁੰਚ ਗਿਆ ਹੈ। ਦੇਸ਼ ਦੇ ਨੇਤਾ ਕਿਮ ਜੋਂਗ ਉਨ ਸਮੇਤ ਚੋਟੀ ਦੇ ਅਧਿਕਾਰੀਆਂ ਨੇ ਪ੍ਰਕੋਪ ਬਾਰੇ ਵਿਚਾਰ ਵਟਾਂਦਰੇ ਲਈ ਪੋਲਿਟ ਬਿਊਰੋ ਦੀ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਦੇਸ਼ ਇਕ ਐਮਰਜੈਂਸੀ ਨਿਯੰਤਰਣ ਪ੍ਰਣਾਲੀ ਲਾਗੂ ਕਰੇਗਾ। ਕਿਮ ਜੋਂਗ ਉਨ ਮੁਤਾਬਕ, ਉਨ੍ਹਾਂ ਦਾ ਟੀਚਾ ਲਾਗ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਸਥਾਨਕ ਸਮਾਚਾਰ ਏਜੰਸੀ ਦੇ ਅਨੁਸਾਰ, ਕਿਮ ਜੋਂਗ ਉਨ ਨੇ ਸਖ਼ਤ ਸਰਹੱਦੀ ਨਿਯੰਤਰਣ ਅਤੇ ਤਾਲਾਬੰਦੀ ਦੇ ਉਪਾਵਾਂ ’ਤੇ ਜ਼ੋਰ ਦਿਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਨਾਗਰਿਕਾਂ ਨੂੰ ਕੱੁਝ ਦਿਨਾਂ ਤਕ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ। (ਏਜੰਸੀ)