
ਮੀਂਹ ਨਾਲ ਨਰਮਾ ਪੱਟੀ ਦੇ ਕਿਸਾਨਾਂ ਦੇ ਚਿਹਰੇ ਖਿੜੇ, ਝੋਨੇ ਦੀ ਲਵਾਈ ਵਿਚ ਆਈ ਤੇਜ਼ੀ
ਬਠਿੰਡਾ, 13 ਜੂਨ (ਸੁਖਜਿੰਦਰ ਮਾਨ): ਪਿਛਲੇ ਕਈ ਦਿਨਾਂ ਤੋਂ ਭੱਠੀ ਵਾਂਗ ਤਪ ਰਹੇ ਮਲਵਈਆਂ ਨੂੰ ਬੀਤੀ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਨੇ ਵੱਡੀ ਰਾਹਤ ਦਿਤੀ ਹੈ। ਬਰਸਾਤ ਕਾਰਨ ਜਿਥੇ ਮੌਸਮ ਠੰਢਾ ਹੋ ਗਿਆ, ਉਥੇ ਲੂੰਅ ਕਾਰਨ ਮੁਰਝਾ ਰਹੇ ਨਰਮੇ ਨੂੰ ਇਸ ਦਾ ਘਿਉ ਵਾਂਗ ਫ਼ਾਇਦਾ ਹੋਇਆ ਹੈ। ਮੌਸਮ ਠੰਢਾ ਹੋਣ ਕਾਰਨ ਹੁਣ ਝੋਨੇ ਦੀ ਲਵਾਈ ਵਿਚ ਵੀ ਤੇਜ਼ੀ ਆ ਗਈ ਹੈ। ਇਸ ਤੋਂ ਇਲਾਵਾ ਮੀਂਹ ਕਾਰਨ ਵੱਡੀ ਮੰਗ ’ਤੇ ਪੁੱਜੇ ਪਾਵਰਕਾਮ ਨੂੰ ਵੀ ਰਾਹਤ ਮਿਲੀ ਹੈ। ਬਿਜਲੀ ਦੀ ਮੰਗ ’ਚ ਗਿਰਾਵਟ ਆਈ ਹੈ। ਪਹਿਲਾਂ ਤਾਲਾਬੰਦੀ ਤੇ ਹੁਣ ਗਰਮੀ ਕਾਰਨ ਖ਼ਾਲੀ ਬੈਠੇ ਦੁਕਾਨਦਾਰਾਂ ਨੂੰ ਵੀ ਹੁਣ ਗ੍ਰਾਹਕ ਦੇ ਆਉਣ ਦੀ ਉਮੀਦ ਬੱਝੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਅੱਜ ਸਵੇਰੇ ਤੇ ਉਸ ਤੋਂ ਬਾਅਦ ਦਿਨੇ ਵੀ ਮੀਂਹ ਆਇਆ।
ਕਹਿਰ ਦੀ ਗਰਮੀ ਤੋਂ ਬਾਅਦ ਅੱਜ ਪਏ ਮੀਂਹ ਕਾਰਨ ਨਰਮਾ ਪੱਟੀ ਦੇ ਕਿਸਾਨਾਂ ਨੇ ਖ਼ੁਸ਼ੀ ਜਤਾਈ ਹੈ। ਕਿਸਾਨ ਜਸਵੀਰ ਸਿੰਘ ਨੇ ਦਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਨਰਮੇ ਦੀ ਫ਼ਸਲ ਝੁਲਸ ਰਹੀ ਸੀ ਤੇ ਇਸ ਨੂੰ ਬਚਾਉਣ ਲਈ ਮਹਿੰਗੇ ਭਾਅ ਦੇ ਡੀਜ਼ਲ ਫੂਕ ਕੇ ਪਾਣੀ ਲਗਾਉਣਾ ਪੈ ਰਿਹਾ ਸੀ। ਬਲਾਕ ਖੇਤੀਬਾੜੀ ਅਫ਼ਸਰ ਡੂੰਗਰ ਸਿੰਘ ਬਰਾੜ ਨੇ ਦਸਿਆ ਕਿ ਹੁਣ ਤਕ ਜ਼ਿਲੇ੍ਹ ਵਿਚ ਇਕ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬੀਜਾਂਦ ਹੋਈ ਹੈ ਤੇ ਇਹ ਮੀਂਹ ਨਾ ਸਿਰਫ਼ ਨਰਮਾ ਬਲਕਿ 10 ਜੂਨ ਤੋਂ ਹੱਥੀ ਲਗਾਏ ਜਾਣ ਵਾਲੇ ਝੋਨੇ ਲਈ ਵੀ ਕਾਫ਼ੀ ਲਾਹੇਵੰਦ ਹੈ।
ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਆਉਣ ਵਾਲੀ 16 ਜੂਨ ਤਕ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਕ-ਦੋ ਦਿਨ ਤੇਜ਼ ਹਨੇਰੀਆਂ ਵੀ ਚਲ ਸਕਦੀਆਂ ਹਨ। ਉਧਰ ਸ਼ਹਿਰ ਵਿਚ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਕਈ ਥਾਂ ’ਤੇ ਪਾਣੀ ਖੜ ਗਿਆ ਪ੍ਰੰਤੂ ਗਨੀਮਤ ਇਹ ਰਹੀ ਕਿ ਸ਼ਹਿਰ ਦੇ ਪਰਸਰਾਮ ਨਗਰ ਇਲਾਕੇ ਨੂੰ ਛੱਡ ਬਾਕੀ ਖੇਤਰਾਂ ਵਿਚ ਪਾਣੀ ਜਲਦੀ ਹੀ ਨਿਕਲ ਗਿਆ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮ ਸਿੰਘ ਸ਼ੇਰਗਿੱਲ ਨੇ ਦਸਿਆ ਕਿ ਮੀਂਹ ਨੂੰ ਦੇਖਦਿਆਂ ਸ਼ਹਿਰ ਵਿਚੋਂ ਪਾਣੀ ਕੱਢਣ ਲਈ ਜ਼ਿਆਦਾ ਮੋਟਰਾਂ ਚਲਾਈਆਂ ਹੋਈਆਂ ਸਨ ਤੇ ਆਉਣ ਵਾਲੇ ਦਿਨਾਂ ’ਚ ਪਾਣੀ ਦੀ ਨਿਕਾਸੀ ਲਈ ਚਲ ਰਹੇ ਪ੍ਰਾਜੈਕਟ ਵੀ ਮੁਕੰਮਲ ਹੋ ਜਾਣਗੇ ਜਿਸ ਤੋਂ ਬਾਅਦ ਸ਼ਹਿਰ ’ਚ ਪਾਣੀ ਖੜਨ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਦਸਣਾ ਬਣਦਾ ਹੈ ਕਿ ਸ਼ਹਿਰ ਦੇ ਪਾਵਰ ਹਾਊਸ ਰੋਡ, ਸਿਵਲ ਲਾਈਨਜ਼, ਸਿਵਲ ਸਟੇਸ਼ਨ, ਸਿਰਕੀ ਬਾਜ਼ਾਰ, ਮਾਲ ਰੋਡ, ਪਰਸਰਾਮ ਨਗਰ ਆਦਿ ਖੇਤਰਾਂ ਵਿਚ ਕਈ-ਕਈ ਫੁੱਟ ਪਾਣੀ ਖੜ ਜਾਂਦਾ ਸੀ।
ਇਸ ਖ਼ਬਰ ਨਾਲ ਸਬੰਧਤ ਫੋਟੋ 13 ਬੀਟੀਆਈ 01 ਵਿਚ ਹੈ।
ਫ਼ੋਟੋ: ਇਕਬਾਲ ਸਿੰਘ