
ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਸਾਂਝੇ ਯਤਨਾਂ ਦੀ ਲੋੜ : ਡਾ. ਬਲਜੀਤ ਕੌਰ
ਬਾਬਾ ਫ਼ਰੀਦ ਯੂਨੀਵਰਸਟੀ ਵਿਖੇ ਕਰਵਾਇਆ ਅੰਤਰਰਾਸ਼ਟਰੀ ਬਾਲ ਮਜ਼ਦੂਰੀ ਵਿਰੋਧੀ ਰਾਜ ਪਧਰੀ ਸਮਾਗਮ
ਫ਼ਰੀਦਕੋਟ, 12 ਜੂਨ (ਗੁਰਿੰਦਰ ਸਿੰਘ) : ਅੱਜ ਅੰਤਰਰਾਸਟਰੀ ਬਾਲ ਮਜ਼ਦੂਰੀ ਵਿਰੋਧੀ ਦਿਵਸ ਦੇ ਸਬੰਧ ’ਚ ਇਥੋਂ ਦੀ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਦੇ ਸੈਨੇਟ ਹਾਲ ਵਿਖੇ ਰਾਜ ਪਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ’ਚ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਭੀਖ ਮੰਗਣ ਵਾਲੀਆਂ ਵੱਡੀ ਗਿਣਤੀ ’ਚ ਔਰਤਾਂ ਨੂੰ ਕਿੱਤਾਮੁਖੀ ਕੋਰਸ ਕਰਵਾ ਕੇ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਪ੍ਰਾਜੈਕਟ ਦੀ ਸ਼ੁਰੂਆਤ ਵੀ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਬਾਲ ਮਜ਼ਦੂਰੀ ਪੰਜਾਬ ਹੀ ਨਹੀਂ, ਨਾ ਕੇਵਲ ਦੇਸ਼ ਬਲਕਿ ਪੂਰੇ ਵਿਸ਼ਵ ਲਈ ਇਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਤੋਂ ਇਲਾਵਾ ਵਿਕਸਿਤ ਦੇਸ਼ਾਂ ’ਚ ਵੀ ਇਹ ਸਮਾਜਕ ਅਲਾਮਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਜਾਂ ਭੀਖ ਮੰਗਣ ਨੂੰ ਰੋਕਣ ਲਈ ਸਾਰੇ ਵਰਗਾਂ ਦੇ ਸੁਹਿਰਦ ਅਤੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਸ ਵਿਸ਼ੇ ’ਤੇ ਕੰਮ ਕਰ ਰਹੀਆਂ ਵੱਖ ਵੱਖ ਸੰਸਥਾਵਾਂ ਦੀ ਪੂਰੀ ਮਦਦ ਕਰੇਗਾ ਤੇ ਉਹ ਦਿਨ ਦੂਰ ਨਹੀਂ ਜਦ ਪੰਜਾਬ ’ਚੋਂ ਬਾਲ ਮਜਦੂਰੀ ਪੂਰੀ ਤਰ੍ਹਾਂ ਖ਼ਤਮ ਕੀਤੀ ਜਾਵੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਐਮ.ਪੀ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਬਾਲ ਮਜ਼ਦੂਰੀ ਸਮਾਜ ਦੇ ਮੱਥੇ ’ਤੇ ਵੱਡਾ ਕਲੰਕ ਹੈ।
ਇਸ ਮੌਕੇ ਡਾ. ਪੀ.ਕੇ. ਖਰੇ ਡਾਇਰੈਕਟਰ ਚਾਈਲਡ ਲਾਈਨ ਪੰਜਾਬ ਨੇ ਸੰਬੋਧਨ ’ਚ ਬੱਚਿਆਂ ਦੀ ਮਦਦ ਲਈ ਬਣੀ ਚਾਈਲਡ ਲਾਈਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ 1098 ਹੈਲਪਲਾਈਨ ਤੇ ਕਾਲ ਕਰਕੇ ਉਹ ਸੰਸਥਾ ਤੋਂ ਬੱਚਿਆਂ ਦੇ ਪੁਨਰਵਾਸ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਲੈ ਸਕਦੇ ਹਨ। ਇਸ ਤੋਂ ਇਲਾਵਾ ਵਰਲਡ ਵਿਜ਼ਨ ਸੰਸਥਾ ਦੇ ਮਹਾਨੰਦ ਮੋਸੀ ਨੇ ਵੀ ਸੰਸਥਾ ਵਲੋਂ ਸਕੂਲ ਛੱਡ ਚੁੱਕੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਪੁਨਰਵਾਸ ’ਚ ਪਾਏ ਗਏ ਯੋਗਦਾਨ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ।
ਇਸ ਮੌਕੇ ਸਾਬਕਾ ਐਮ.ਪੀ ਪ੍ਰੋ. ਸਾਧੂ ਸਿੰਘ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਰਵਿੰਦਪਾਲ ਸਿੰਘ ਸੰਧੂ, ਮੈਡਮ ਅਵਨੀਤ ਕੌਰ ਸਿੱਧੂ ਐਸ.ਐਸ.ਪੀ. ਸਮੇਤ ਵੱਡੀ ਗਿਣਤੀ ’ਚ ਸ਼ਖ਼ਸੀਅਤਾਂ ਹਾਜ਼ਰ ਸਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-12-2ਬੀ