
ਜੰਮੂ-ਕਸ਼ਮੀਰ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲਿਆ
ਕਾਂਗਰਸ ਨੇਤਾ ਨੇ ਕਿਹਾ, ‘‘ਜੋ ਕੋਈ ਵੀ ਇਸ ਸਰਕਾਰ ਦੀਆਂ ਗ਼ਲਤ ਨੀਤੀਆਂ ਵਿਰੁਧ ਬੋਲਦਾ ਹੈ, ਉਹ ਕੇਂਦਰੀ ਏਜੰਸੀਆਂ ਦਾ ਨਿਸ਼ਾਨਾ ਬਣ ਜਾਂਦੈ
ਜੰਮੂ, 13 ਜੂਨ : ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਜੰਮੂ-ਕਸਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ.ਏ. ਮੀਰ ਸਮੇਤ ਪਾਰਟੀ ਦੇ ਕਈ ਨੇਤਾਵਾਂ ਅਤੇ ਵਰਕਰਾਂ ਨੂੰ ਸੋਮਵਾਰ ਨੂੰ ਇਥੇ ਹਿਰਾਸਤ ਵਿਚ ਲੈ ਲਿਆ ਗਿਆ। ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੁਆਰਾ ਪੁਛਗਿਛ ਲਈ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਤਲਬ ਕੀਤੇ ਜਾਣ ਵਿਰੁਧ ਪਾਰਟੀ ਦੇ ਦੇਸ਼ ਵਿਆਪੀ ਵਿਰੋਧ ਦਾ ਹਿੱਸਾ ਸੀ।
ਅਧਿਕਾਰੀਆਂ ਨੇ ਦਸਿਆ ਕਿ ਮੀਰ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਵਰਕਰਾਂ ਨੇ ਸ਼ਹਿਰ ਦੇ ਮੱਧ ਵਿਚ ਸ਼ਹੀਦੀ ਚੌਕ ਸਥਿਤ ਪਾਰਟੀ ਹੈੱਡਕੁਆਰਟਰ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿਤਾ ਅਤੇ ਫਿਰ ਮਾਰਚ ਕਰਨਾ ਸ਼ੁਰੂ ਕਰ ਦਿਤਾ ਪਰ ਪੁਲਿਸ ਨੇ ਮੁੱਖ ਰਿਹਾਇਸ਼ੀ ਮਾਰਗ ’ਤੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿਤਾ। ਉਨ੍ਹਾਂ ਦਸਿਆ ਕਿ ਜਦੋਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਘੇਰਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਹਰਕਤ ਵਿਚ ਆ ਗਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਦੋ ਬਸਾਂ ਵਿਚ ਬਿਠਾ ਕੇ ਪੁਲਿਸ ਲਾਈਨ ਗਾਂਧੀ ਨਗਰ ਲੈ ਗਈ।
ਹਿਰਾਸਤ ਵਿਚ ਲਏ ਆਗੂਆਂ ਵਿਚ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ, ਪਾਰਟੀ ਦੇ ਉਪ ਪ੍ਰਧਾਨ ਮੂਲਾ ਰਾਮ, ਮੁੱਖ ਬੁਲਾਰੇ ਰਵਿੰਦਰ ਸਰਮਾ, ਸਾਬਕਾ ਮੰਤਰੀ ਸਬੀਰ ਖਾਨ ਅਤੇ ਯੋਗੇਸ ਸਾਹਨੀ ਦੇ ਨਾਲ-ਨਾਲ ਮਹਿਲਾ ਕਾਂਗਰਸ ਪ੍ਰਧਾਨ ਇੰਦੂ ਪਵਾਰ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਚਿਬ ਸਾਮਲ ਹਨ। ਮੀਰ ਨੇ ਪੁਲਿਸ ਦੁਆਰਾ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, “ਪੂਰੀ ਕਾਂਗਰਸ ਲੀਡਰਸ਼ਿਪ ਦੇਸ਼ ਭਰ ਵਿਚ ਸੜਕਾਂ ਉੱਤੇ ਹੈ ਅਤੇ ਸਾਡਾ ਉਦੇਸ਼ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਦਫ਼ਤਰਾਂ ਵਲ ਮਾਰਚ ਕਰਨਾ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁਧ ਵਿਰੋਧ ਦਰਜ ਕਰਵਾਉਣਾ ਹੈ ਜੋ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਵਲੋਂ ਭਾਜਪਾ ਵਿਰੋਧੀ ਅਤੇ ਕਾਂਗਰਸ ਪੱਖੀ ਨਾਹਰੇਬਾਜ਼ੀ ਦੌਰਾਨ, ਮੀਰ ਨੇ ਦੋਸ਼ ਲਾਇਆ ਕਿ ਭਾਜਪਾ ਵਿਰੋਧੀ ਧਿਰ ਨੂੰ ਡਰਾਉਣ ਲਈ ਈਡੀ, ਕੌਮੀ ਜਾਂਚ ਏਜੰਸੀ (ਐਨਆਈਏ) ਅਤੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵਰਗੀਆਂ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ।
ਕਾਂਗਰਸ ਨੇਤਾ ਨੇ ਕਿਹਾ, ‘‘ਜੋ ਕੋਈ ਵੀ ਇਸ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਬੋਲਦਾ ਹੈ, ਉਹ ਕੇਂਦਰੀ ਏਜੰਸੀਆਂ ਦਾ ਨਿਸ਼ਾਨਾ ਬਣ ਜਾਂਦਾ ਹੈ। ਅਸੀਂ ਇਸ ਸਥਿਤੀ ਅਤੇ ਗ਼ੈਰ-ਜਮਹੂਰੀ ਕਾਰਵਾਈਆਂ ਦਾ ਵਿਰੋਧ ਕਰ ਰਹੇ ਹਾਂ।’’ (ਏਜੰਸੀ)