
ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੌਰਾਨ ਦਰਜ ਕੇਸਾਂ 'ਚ ਅਜੇ ਤਕ ਪੇਸ਼ੀਆਂ ਭੁਗਤ ਰਹੇ ਨੇ 1.48 ਲੱਖ ਕਿਸਾਨ : ਸ਼ਰਮਾ
ਇੰਦੌਰ (ਮੱਧ ਪ੍ਰਦੇਸ਼), 12 ਜੂਨ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਦੇ ਮੈਂਬਰ ਸ਼ਿਵ ਕੁਮਾਰ ਸ਼ਰਮਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਇਸ ਅੰਦੋਲਨ ਦੌਰਾਨ ਦੇਸ਼ ਭਰ 'ਚ 1.48 ਲੱਖ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁਧ ਦਰਜ ਮਾਮਲਿਆਂ ਨੂੰ ਸਰਕਾਰ ਦੇ ਵਾਅਦੇ ਤੋਂ ਉਲਟ ਹੁਣ ਤਕ ਵਾਪਸ ਨਹੀਂ ਲਿਆ ਗਿਆ ਹੈ | 'ਕੱਕਾ ਜੀ' ਦੇ ਨਾਂ ਨਾਲ ਮਸ਼ਹੂਰ ਸ਼ਰਮਾ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਰਾਸ਼ਟਰੀ ਕਿਸਾਨ ਮਜ਼ਦੂਰ ਫ਼ੈਡਰੇਸ਼ਨ ਦੇ ਪ੍ਰਧਾਨ ਹਨ | ਉਨ੍ਹਾਂ ਨੇ ਇੰਦੌਰ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨੂੰ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੌਰਾਨ ਵੱਖੋ-ਵੱਖ ਸੂਬਿਆਂ 'ਚ ਕੁਲ 1.48 ਲੱਖ ਕਿਸਾਨਾਂ 'ਤੇ ਐਫ਼.ਆਈ.ਆਰ. ਦਰਜ ਕੀਤੀ ਗਈ ਸੀ | ਉਨ੍ਹਾਂ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਦੇ ਆਧਾਰ 'ਤੇ 23 ਜਿਣਸਾਂ 'ਤੇ ਐਮ.ਐਸ.ਪੀ. ਵਧਾਈ ਜਾਵੇ ਅਤੇ ਐਮ.ਐਸ.ਪੀ. 'ਤੇ ਇਨ੍ਹਾਂ ਦੀ ਸਰਕਾਰੀ ਖ਼ਰੀਦ ਦਾ ਕਾਨੂੰਨ ਬਣਾਇਆ ਜਾਵੇ |