
ਭਗਵੰਤ ਮਾਨ ਸੁਪਰੀਮ ਕੋਰਟ ਦਾ ਹੁਕਮ ਵੀ ਨਹੀਂ ਮੰਨ ਰਹੇ : ਬਨਵਾਰੀ ਲਾਲ ਪੁਰੋਹਿਤ
ਕਿਹਾ, ਸਿਖਰਲੀ ਅਦਾਲਤ ਨੇ ਮੁੱਖ ਮੰਤਰੀ ਨੂੰ ਚਿੱਠੀਆਂ ਦਾ ਜਵਾਬ ਦੇਣ ਲਈ ਕਿਹਾ ਸੀ ਪਰ ਨਹੀਂ ਮਿਲਿਆ ਹੁੰਗਾਰਾ
ਚੰਡੀਗੜ੍ਹ, 12 ਜੂਨ (ਸੁਰਜੀਤ ਸਿੰਘ ਸੱਤੀ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਮੁੜ ਸ਼ੁਰੂ ਹੋ ਗਈ ਹੈ | ਰਾਜਪਾਲ ਪੁਰੋਹਿਤ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮ ਕੋਰਟ ਦੇ ਹੁਕਮ ਵੀ ਨਹੀਂ ਮੰਨ ਰਹੇ | ਪੁਰੋਹਿਤ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਰਾਜਪਾਲ ਦੀਆਂ ਚਿੱਠੀਆਂ ਦਾ ਜਵਾਬ ਦੇਣਾ ਪਵੇਗਾ ਪਰ ਮੁੱਖ ਮੰਤਰੀ ਨੂੰ ਉਹ 10 ਚਿੱਠੀਆਂ ਲਿਖ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ | ਉਨ੍ਹਾਂ ਕਿਹਾ,''ਮੈਂ ਸਾਰੇ ਮਾਮਲੇ ਨੋਟ ਕਰ ਰਿਹਾ ਹਾਂ ਅਤੇ ਇਸ ਬਾਰੇ ਵੀ ਪ੍ਰਗਟਾਵੇ ਕਰਾਂਗਾ |'' ਭਗਵੰਤ ਮਾਨ ਵਲੋਂ ਗਵਰਨਰ ਵਿਰੁਧ ਜਿਹੜੀਆਂ ਟਿਪਣੀਆਂ ਕਲ ਰਾਮ ਲੀਲਾ ਗਰਾਊਾਡ ਵਿਚ ਰੈਲੀ ਦੌਰਾਨ ਕੀਤੀਆਂ ਸਨ, ਉਸ ਦੇ ਜਵਾਬ
ਵਿਚ ਗਵਰਨਰ ਪੁਰੋਹਿਤ ਨੇ ਇਥੋਂ ਤਕ ਕਹਿ ਦਿਤਾ ਕਿ ਪੰਜਾਬ ਵਿਚ ਮੇਰੀ ਸਰਕਾਰ ਹੈ, ਕਿਉਂਕਿ ਸਾਰੇ ਹੁਕਮ ਮੇਰੇ ਦਸਤਖ਼ਤਾਂ ਨਾਲ ਹੀ ਨਿਕਲਦੇ ਹਨ | ਗਵਰਨਰ ਨੇ ਕਿਹਾ ਕਿ ਮੈਨੂੰ ਛੋਟੀ ਤੋਂ ਛੋਟੀ ਗੱਲ ਯਾਦ ਹੈ, ਉਹ ਭੁਲੇਖਾ ਨਾ ਰੱਖਣ | ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਾਜਪਾਲ 'ਤੇ ਅਪਣੀ ਹੀ ਪੰਜਾਬ ਸਰਕਾਰ ਵਿਰੁਧ ਬੋਲਣ ਦੇ ਬਿਆਨ ਬਾਰੇ ਰਾਜਪਾਲ ਨੇ ਕਿਹਾ ਕਿ ਰਿਕਾਰਡ ਪੇਸ਼ ਕਰੋ, ਜੇ ਮੈਂ ਅਪਣੀ ਸਰਕਾਰ ਵਿਰੁਧ ਬੋਲਿਆ ਹੋਵਾਂ | ਇਕ ਵਾਰ ਨਹੀਂ 50 ਵਾਰ ਬੋਲਦਾ, ਪੰਜਾਬ ਵਿਚ ਮੇਰੀ ਸਰਕਾਰ ਹੈ | ਗਵਰਨਰ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ, ਉਸ ਨੂੰ ਉਹ ਮੰਜ਼ੂਰੀ ਦੇਣਗੇ |
ਡਰੋਨ ਦੇ ਮੁੱਦੇ 'ਤੇ ਬੋਲਦਿਆਂ ਹੋਇਆ ਗਵਰਨਰ ਪੁਰੋਹਿਤ ਨੇ ਕਿਹਾ ਕਿ ਡਰੋਨਾ ਦੇ ਡਿਗਣ ਦੀ ਗਿਣਤੀ ਪਹਿਲਾ ਨਾਲੋਂ ਵੱਧ ਗਈ ਹੈ ਅਤੇ ਇੰਨੀ ਵੱਡੀ ਗਿਣਤੀ ਵਿਚ ਡਰੋਨਾਂ ਦਾ ਆਉਣਾ ਪਾਕਿਸਤਾਨ ਦੀ ਆਰਮੀ ਅਤੇ ਦੇਸ਼ ਵਿਰੋਧੀ ਲੋਕਾਂ ਦੇ ਸਾਥ ਤੋਂ ਬਗ਼ੈਰ ਮੁਸ਼ਕਲ ਹੈ | ਉਨ੍ਹਾਂ ਕਿਹਾ ਕਿ ਸਰਜੀਕਲ ਸਟਰਾਈਕ ਕਰ ਦੇਣੀ ਚਾਹੀਦੀ ਹੈ ਜਿਸ ਬਾਰੇ ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਰਿਹਾ ਹਾਂ |