
-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਇਹ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੀ ਬਿਹਤਰ ਕਾਰਗੁਜ਼ਾਰੀ 'ਤੇ ਮੋਹਰ
ਅੰਮ੍ਰਿਤਸਰ - ਭਾਰਤ ਦੀਆਂ ਉੱਚ ਵਿਦਿਅਕ ਸੰਸਥਾਵਾਂ ਦਾ ਮੁਲਾਂਕਣ ਕਰਨ ਸਬੰਧੀ ਯੂ.ਜੀ.ਸੀ. ਵੱਲੋਂ ਸਥਾਪਿਤ ‘ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਸੰਸਥਾ’ (ਨੈਕ) ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ‘ਏ++’ ਦਾ ਦਰਜਾ ਦੇ ਕੇ ਦੇਸ਼ ਦੀਆਂ ਸਰਵੋਤਮ ਸੰਸਥਾਵਾ 'ਚ ਸ਼ਾਮਲ ਕੀਤਾ ਗਿਆ ਹੈ।
ਇਸ ਦਰਜੇ ਨਾਲ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦਾ ਮਾਣ ਵਧਿਆ ਹੈ। ਨੈਕ ਵੱਲੋਂ ਘੋਸ਼ਿਤ ਇਸ ਨਤੀਜੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦੀ ਬਿਹਤਰ ਕਾਰਗੁਜ਼ਾਰੀ 'ਤੇ ਮੋਹਰ ਹੈ। ਉਨ੍ਹਾਂ ਦੱਸਿਆ ਕਿ 18 ਅਤੇ 19 ਮਈ ਨੂੰ ‘ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਸੰਸਥਾ’ (ਨੈਕ) ਦੀ ਟੀਮ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਦੌਰਾ ਕੀਤਾ ਗਿਆ ਸੀ, ਜਿਸ ਦੇ ਅਧਾਰ 'ਤੇ ਇਸ ਸੰਸਥਾ ਦੀ ਅਕਾਦਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਨਾਲ ਨਾਲ ਅਧਿਆਪਨ ਕਾਰਜ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਅਧਾਰ ਬਣਾਕੇ ਇਹ ਦਰਜਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਸ਼ਾਨਾਮੱਤਾ ਹੈ, ਜਿਸ ਨੇ ਸ਼ੁਰੂ ਤੋਂ ਹੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ-ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਿਰਮਾਣ ਨਾਲ ਸਿੱਖਿਆ ਦੇ ਖੇਤਰ ਵਿੱਚ ਅਧਿਆਤਮਕ ਅਤੇ ਰੁਜ਼ਗਾਰ ਦੇ ਪੱਖ ਤੋਂ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਦੇ ਵਿਦਿਆ ਵਿਭਾਗ ਦੇ ਸਕੱਤਰ, ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱੱਖਿਆ ਦੇ ਪ੍ਰਸਾਰ ਲਈ 2007 ਤੋਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਸਥਾਪਿਤ ਕੀਤਾ ਗਿਆ ਸੀ। ਕਮੇਟੀ ਵੱਲੋਂ ਹੁਣ ਤੱਕ 52 ਸਕੂਲ, 34 ਕਾਲਜ, 2 ਇਜੀਨੀਅਰ ਕਾਲਜ ਅਤੇ 1 ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਪੰਜਾਬ ਦੀਆ ਨਾਮਵਰ ਸੰਸਥਾਵਾਂ ਹਨ। ਪ੍ਰਧਾਨ ਸਾਹਿਬ ਵੱਲੋਂ ਮਿਲੇ ਆਦੇਸ਼ਾਂ ਅਨੁਸਾਰ ਵਿੱਦਿਅਕ ਅਦਾਰਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਸਿਵਲ ਸਰਵਿਸਜ ਦੇ ਮੁਕਾਬਲਿਆਂ ਦੀ ਪ੍ਰੀਖਿਆ ਲਈ ਨਿਸਚੈ ਅਕੈਡਮੀ ਚੰਡੀਗੜ੍ਹ ਨਾਲ ਐੱਮ.ਓ.ਯੂ. ਕਰਕੇ ਸਿੱਖ ਵਿਦਿਆਰਥੀਆਂ ਨੂੰ ਮੁਫਤ ਕੋਚਿੰਗ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਪਲੇਸਮੈਂਟ ਸਬੰਧੀ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਦਯੋਗਾਂ ਨਾਲ ਐੱਮ.ਓ.ਯੂ. ਕਰਕੇ ਵਿੱਦਿਅਕ ਸੰਸਥਾਵਾਂ ਵਿਚ ਸਮੇਂ-ਸਮੇਂ ਤੇ ਪਲੇਸਮੈਂਟ ਡਰਾਈਵਜ਼ ਕਰਵਾਈਆਂ ਜਾਣੀਆਂ ਹਨ ਤਾਂ ਜੋ ਵਿਦਿਆਰਥੀਆ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਸ਼੍ਰੋਮਣੀ ਕਮੇਟੀ ਦਾ ਪਹਿਲਾ ਕਾਲਜ ਹੈ ਜਿਸਨੂੰ ‘ਏ++’ ਦਾ ਦਰਜਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨੈਕ ਵੱਲੋਂ ਏ++ ਦਾ ਦਰਜਾ ਪੰਜਾਬ 'ਚ ਸਿਰਫ਼ ਦੋ ਕਾਲਜਾਂ ਨੂੰ ਹੀ ਮਿਲਿਆ ਹੈ, ਜਿਨ੍ਹਾਂ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਸ਼ਾਮਲ ਹੈ। ਇਸ ਇਤਿਹਾਸਿਕ ਪ੍ਰਾਪਤੀ ਨਾਲ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮਾਣ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ (ਡਾਇਰੈਕਟਰ ਕਾਲਜ ਅਤੇ ਅਡਵਾਈਜਰ, ਸ਼੍ਰੋ.ਗੁ.ਪ੍ਰ. ਕਮੇਟੀ ਵਿਦਿਅਕ ਅਦਾਰੇ) ਡਾ. ਕੁਲਦੀਪ ਸਿੰਘ ਬੱਲ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਜਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਸੰਸਥਾ ਨੂੰ ਭਾਰਤ ਸਰਕਾਰ ਦੇ ਬਾਇਓ-ਟੈਕਨਾਲੌਜੀ ਵਿਭਾਗ (ਡੀਬੀਟੀ) ਦੁਆਰਾ ‘ਸਟਾਰ ਕਾਲਜ ਸਕੀਮ’ ਅਧੀਨ ਦਰਜਾ ਹਾਸਲ ਹੋਣ ਦੇ ਨਾਲ ਨਾਲ ਕੌਸ਼ਲ ਵਿਕਾਸ (ਸਕਿਲ ਡਿਵੈਲਪਮੈਂਟ) ਸਕੀਮ ਅਧੀਨ ਸਕਿੱਲ ਹੱਬ ਦਾ ਵੀ ਦਰਜਾ ਪ੍ਰਾਪਤ ਹੈ।