
ਦਿੱਲੀ 'ਚ ਫ਼ਿਲਹਾਲ ਨਹੀਂ ਚਲ ਸਕਣਗੇ 'ਰੈਪੀਡੋ' ਅਤੇ 'ਉਬਰ'
ਨਵੀਂ ਦਿੱਲੀ, 12 ਜੂਨ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਹਾਈ ਕੋਰਟ ਦੇ ਉਸ ਹੁਕਮ 'ਤੇ ਰੋਕ ਲਾ ਦਿਤੀ ਹੈ ਜਿਸ 'ਚ ਸਫ਼ਰ ਕਰਨ ਲਈ ਬਾਈਕ-ਟੈਕਸੀ ਕਿਰਾਏ 'ਤੇ ਦੇਣ ਵਾਲੇ 'ਰੈਪਿਡੋ' ਅਤੇ 'ਉਬਰ' ਨੂੰ ਦੇਸ਼ ਦੀ ਰਾਜਧਾਨੀ 'ਚ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ ਸੀ | ਹਾਲਾਂਕਿ ਦਿੱਲੀ ਸਰਕਾਰ ਨੂੰ ਕਿਹਾ ਗਿਆ ਸੀ ਕਿ ਨਵੀਂ ਨੀਤੀ ਬਣਾਏ ਜਾਣ ਤਕ ਉਨ੍ਹਾਂ ਵਿਰੁਧ ਕੋਈ ਸਜ਼ਾਯੋਗ ਕਾਰਵਾਈ ਨਾ ਕੀਤੀ ਜਾਵੇ |
ਜਸਟਿਸ ਅਨਿਰੁਧ ਬੋਸ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਇਕ ਛੁੱਟੀਆਂ ਵਾਲੀ ਬੈਂਚ ਨੇ 'ਰੈਪਿਡੋ' ਅਤੇ 'ਉਬਰ' ਦੋਹਾਂ ਨੂੰ ਦਿੱਲੀ ਹਾਈ ਕੋਰਟ ਵਲੋਂ ਉਨ੍ਹਾਂ ਦੀਆਂ ਅਪੀਲਾਂ 'ਤੇ ਤੁਰਤ ਸੁਣਵਾਈ ਦੀ ਅਪੀਲ ਕਰਨ ਦੀ ਆਜ਼ਾਦੀ ਪ੍ਰਦਾਨ ਕੀਤੀ | ਦਿੱਲੀ ਹਾਈ ਕੋਰਟ ਦੇ 26 ਮਈ ਦੇ ਹੁਕਮ 'ਤੇ ਰੋਕ ਲਾਉਣ ਵਾਲੀ ਬੈਂਚ ਨੇ ਦਿੱਲੀ ਸਰਕਾਰ ਦੇ ਵਕੀਲ ਦੀ ਇਹ ਦਲੀਲ ਵੀ ਦਰਜ ਕੀਤੀ ਕਿ ਅੰਤਿਮ ਨੀਤੀ ਨੂੰ ਜੁਲਾਈ ਦੇ ਅੰਤ ਤੋਂ ਪਹਿਲਾਂ ਨੋਟੀਫ਼ਾਈ ਕੀਤਾ ਜਾਵੇਗਾ | ਦਿੱਲੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਕ ਜਨਤਕ ਨੋਟਿਸ 'ਚ ਚੌਕਸ ਕੀਤਾ ਸੀ ਕਿ ਦਿੱਲੀ 'ਚ ਬਾਈਕ-ਟੈਕਸੀ ਨਹੀਂ ਚਲਾਈਆਂ ਜਾਣਗੀਆਂ ਅਤੇ ਚੇਤਾਵਨੀ ਦਿਤੀ ਸੀ ਕਿ ਨੋਟਿਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਕ ਲੱਖ ਰੁਪਏ ਤਕ ਦੇ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ | (ਪੀਟੀਆਈ)