
ਗੁਰਦਾਸਪੁਰ ਦੀ ਇਕ ਮਹਿਲਾ ਨੇ ਲਾਕਡਾਊਨ ਦੌਰਾਨ ਚਾਹ ਦੀ ਸਟਾਲ ਲਗਾਉਣੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਜਸਪਿੰਦਰ ਕੌਰ ਹੈ।
ਗੁਰਦਾਸਪੁਰ (ਗੁਰਪ੍ਰੀਤ ਚਾਵਲਾ/ਵੀਰਪਾਲ ਕੌਰ): ਕੋਰੋਨਾ ਸਮੇਂ ਲੱਗੇ ਲਾਕਡਾਊਨ ਨੇ ਕਈਆਂ ਦਾ ਕੰਮ ਠੱਪ ਕਰ ਦਿਤਾ ਸੀ। ਇਸੇ ਦੌਰਾਨ ਗੁਰਦਾਸਪੁਰ ਦੀ ਇਕ ਮਹਿਲਾ ਨੇ ਲਾਕਡਾਊਨ ਦੌਰਾਨ ਚਾਹ ਦੀ ਸਟਾਲ ਲਗਾਉਣੀ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਜਸਪਿੰਦਰ ਕੌਰ ਹੈ। ਮਹਿਲਾ ਨੇ ਦਸਿਆ ਕਿ ਲਾਕਡਾਊਨ ਦੌਰਾਨ ਉਸ ਦੇ ਘਰਵਾਲੇ ਦਾ ਬਸਾਂ ਦਾ ਕੰਮ ਬਿਲਕੁਲ ਬੰਦ ਹੋ ਚੁੱਕਾ ਸੀ ਤੇ ਉਹ ਬੱਸ ਅੱਡੇ ਦੇ ਇੰਚਾਰਜ ਹਨ।
ਮਹਿਲਾ ਨੇ ਦਸਿਆ ਇਸੇ ਦੌਰਾਨ ਹੀ ਉਨ੍ਹਾਂ ਨੇ ਪਹਿਲਾਂ ਚਾਹ ਦਾ ਕੰਮ ਸ਼ੁਰੂ ਕੀਤਾ ਸੀ ਤੇ ਫਿਰ ਹੌਲੀ-ਹੌਲੀ ਨਾਲ ਕੋਲਡਰਿੰਕ ਦੀ ਦੁਕਾਨ ਵੀ ਲਗਾ ਲਈ ਤੇ ਉਨ੍ਹਾਂ ਦਾ ਕੰਮ ਚਲਣ ਲੱਗਾ ਤੇ ਹੁਣ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਹੈ। ਮਹਿਲਾ ਨੇ ਦਸਿਆ ਕਿ ਉਸ ਨੇ ਵੀ ਬਾਰ੍ਹਵੀਂ ਤਕ ਦੀ ਪੜ੍ਹਾਈ ਕੀਤੀ ਹੈ ਤੇ ਨਾਲ ਪੰਜਾਬੀ ਸਟੈਨੋ ਦਾ ਕੋਰਸ ਵੀ ਕੀਤਾ ਹੈ, ਉਹ ਤਾਂ ਕੋਈ ਚੰਗੀ ਨੌਕਰੀ ਨਹੀਂ ਕਰ ਸਕੀ ਪਰ ਹੁਣ ਉਸ ਦਾ ਇਹੀ ਸੁਪਨਾ ਹੈ ਕਿ ਉਸ ਦੇ ਬੱਚੇ ਵਧੀਆ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗ ਜਾਣ।