
ਆਰਥਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਬਰਨਾਲਾ/ਮਹਿਲ ਕਲਾਂ, 12 ਜੂਨ (ਰਾਮ ਸਿੰਘ ਧਨੌਲਾ/ਹਮੀਦੀ) : ਥਾਣਾ ਠੁੱਲੀਵਾਲ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਪਿੰਡ ਭੱਦਲਵੱਢ ਵਿਖੇ ਮਜ਼ਦੂਰ ਪਰਵਾਰ ਨਾਲ ਸਬੰਧਤ ਇਕ ਨੌਜਵਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਚਲਦਿਆਂ ਆਰਥਕ ਤੰਗੀ ਕਾਰਨ ਅਪਣੇ ਘਰ ਅੰਦਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ | ਇਸ ਮੌਕੇ ਥਾਣਾ ਠੁੱਲੀਵਾਲ ਦੇ ਏ.ਐਸ.ਆਈ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਜ਼ਦੂਰ ਪਰਵਾਰ ਨਾਲ ਸਬੰਧਤ ਨੌਜਵਾਨ ਨਿਰਭੈ ਸਿੰਘ (27) ਪੁੱਤਰ ਹਰਨੇਕ ਸਿੰਘ ਵਾਸੀ ਭੱਦਲਵੱਢ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਆਰਥਕ ਤੰਗੀ ਕਾਰਨ ਅਪਣੇ ਘਰ ਅੰਦਰ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ | ਉਨ੍ਹਾਂ ਕਿਹਾ ਕਿ ਮਿ੍ਤਕ ਨੌਜਵਾਨ ਅਪਣੇ ਪਿੱਛੇ ਪਤਨੀ, ਇਕ ਸਾਲ ਦਾ ਬੱਚਾ, ਮਾਤਾ-ਪਿਤਾ ਅਤੇ ਦੋ ਭੈਣਾਂ ਨੂੰ ਰੌਂਦੇ ਕੁਰਲਾਉਂਦਿਆਂ ਛੱਡ ਗਿਆ | ਥਾਣਾ ਠੁੱਲੀਵਾਲ ਪੁਲਿਸ ਵਲੋਂ ਮਿ੍ਤਕ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪੀ ਗਈ ਹੈ |