
Morinda news : ਸੱਸ, ਪਤਨੀ ਤੇ ਸਾਲੀ ਵਲੋਂ ਕੀਤਾ ਜਾਂਦਾ ਸੀ ਪ੍ਰੇਸ਼ਾਨ, ਪੁਲਿਸ ਨੇ ਮਾਮਲਾ ਕੀਤਾ ਦਰਜ
Morinda news : ਮੋਰਿੰਡਾ ਦੇ ਪਿੰਡ ਬਹਿਬਲਪੁਰ ਦੇ 28 ਸਾਲਾ ਨੌਜਵਾਨ ਨੇ ਆਪਣੇ ਸਹੁਰੇ ਪਰਿਵਾਰ ਅਤੇ ਪਤਨੀ ਤੋਂ ਤੰਗ ਆ ਕੇ ਪਿੰਡ ਬਾਬਲਾਂ ਨੇੜੇ ਬਸੀ ਪਠਾਣਾ ਕੋਲ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਲਈ ਹੈ। ਉਸ ਦੀ ਲਾਸ਼ ਪਟਿਆਲਾ ਜ਼ਿਲ੍ਹੇ ਦੇ ਪਿੰਡ ਗੰਡਾ ਖੇੜੀ ਕੋਲੋਂ ਲੰਘਦੀ ਭਾਖੜਾ ਨਹਿਰ 'ਚੋਂ ਮਿਲੀ।
ਇਸ ਸਬੰਧੀ ਪਿੰਡ ਬਹਿਬਲਪੁਰ ਦੇ ਦਰਸ਼ਨ ਸਿੰਘ ਉਰਫ਼ ਕਾਲਾ ਨੇ ਬੱਸੀ ਪਠਾਣਾ ਪੁਲਿਸ ਨੂੰ ਲਿਖਾਏ ਬਿਆਨ 'ਚ ਦੱਸਿਆ ਕਿ ਉਸ ਦਾ ਛੋਟਾ ਲੜਕਾ ਹਰਪ੍ਰੀਤ ਸਿੰਘ ਚੰਡੀਗੜ੍ਹ ਯੂਨੀਵਰਸਿਟੀ 'ਚ ਸਕਿਓਰਟੀ ਗਾਰਡ ਵਜੋਂ ਨੌਕਰੀ ਕਰਦਾ ਸੀ, ਜਿਸ ਦਾ ਵਿਆਹ 4 ਸਾਲ ਪਹਿਲਾਂ ਅਮਨਦੀਪ ਕੌਰ ਵਾਸੀ ਪਿੰਡ ਮੁੱਲਾਂਪੁਰ ਗ਼ਰੀਬਦਾਸ, ਜ਼ਿਲ੍ਹਾ ਮੁਹਾਲੀ ਨਾਲ ਹੋਇਆ ਸੀ ਅਤੇ ਉਨ੍ਹਾਂ ਕੋਲ ਡੇਢ ਸਾਲ ਦਾ ਇਕ ਬੇਟਾ ਵੀ ਹੈ। ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਅਕਸਰ ਬਿਨਾਂ ਕਿਸੇ ਨੂੰ ਦੱਸਿਆਂ ਪੇਕੇ ਚਲੇ ਜਾਂਦੀ ਸੀ, ਜਿਸ ਨੂੰ ਉਹ ਪਹਿਲਾਂ ਵੀ ਕਈ ਵਾਰ ਪੰਚਾਇਤਾਂ ਨਾਲ ਆਪਣੇ ਘਰ ਵਾਪਸ ਲੈ ਕੇ ਆਏ ਸਨ। ਉਸ ਦੇ ਲੜਕੇ ਹਰਪ੍ਰੀਤ ਨੂੰ ਉਸ ਦੀ ਸੱਸ ਰਜਿੰਦਰ ਕੌਰ, ਪਤਨੀ ਅਮਨਦੀਪ ਕੌਰ ਅਤੇ ਸਾਲੀ ਕੋਮਲ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਕਾਰਨ ਉਹ ਡਿਪਰੈਸ਼ਨ 'ਚ ਰਹਿੰਦਾ ਸੀ।
ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਉਸ ਦਾ ਲੜਕਾ ਪਤਨੀ ਨੂੰ ਆਪਣੇ ਸਹੁਰੇ ਪਿੰਡ ਮੁੱਲਾਂਪੁਰ ਗਰੀਬਦਾਸ 'ਚ ਮਿਲਾਉਣ ਲਈ ਲੈ ਕੇ ਗਿਆ ਸੀ, ਜਿਹੜਾ ਕਿ 7 ਜੂਨ ਨੂੰ ਆਪਣੇ ਘਰ ਵਾਪਸ ਆ ਗਿਆ। ਵਾਪਸ ਆ ਕੇ ਹਰਪ੍ਰੀਤ ਨੇ ਉਸ ਨੂੰ ਦੱਸਿਆ ਕਿ ਉਸ ਦੀ ਸੱਸ, ਪਤਨੀ ਅਤੇ ਸਾਲੀ ਨੇ ਉਸ ਨੂੰ ਕਾਫ਼ੀ ਮੰਦਾ-ਚੰਗਾ ਬੋਲਿਆ ਅਤੇ ਉਸ ਦੀ ਬੇਇੱਜ਼ਤੀ ਕੀਤੀ ਹੈ। 7 ਜੂਨ ਨੂੰ ਜਦੋਂ ਉਹ ਸਾਰੇ ਘਰ ਬੈਠੇ ਸਨ ਤਾਂ ਹਰਪ੍ਰੀਤ ਨੂੰ ਉਸ ਦੀ ਸੱਸ ਦਾ ਫੋਨ ਆਇਆ ਤੇ ਉਦੋਂ ਵੀ ਉਸ ਨੇ ਲੜਕੇ ਨੂੰ ਕਾਫੀ ਗ਼ਲਤ ਬੋਲਿਆ। ਜਿਸ ਤੋਂ ਬਾਅਦ ਉਸ ਦਾ ਲੜਕਾ ਪ੍ਰੇਸ਼ਾਨ ਹੋ ਕੇ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਚਲਾ ਗਿਆ। ਉਨ੍ਹਾਂ ਜਦੋਂ ਹਰਪ੍ਰੀਤ ਸਿੰਘ ਨੂੰ ਫੋਨ ਕੀਤਾ ਤਾਂ ਕਿਸੇ ਅਣਜਾਣ ਵਿਅਕਤੀ ਨੇ ਫੋਨ ਚੁੱਕ ਕੇ ਦੱਸਿਆ ਕਿ ਤੁਹਾਡੇ ਲੜਕੇ ਨੇ ਪਿੰਡ ਬਾਬਲਾਂ ਕੋਲੋਂ ਲੰਘਦੀ ਭਾਖੜਾ ਨਹਿਰ 'ਚ ਕੁਝ ਸਮਾਂ ਪਹਿਲਾਂ ਛਾਲ ਮਾਰ ਦਿੱਤੀ, ਜਿਸ ਦਾ ਮੋਟਰਸਾਈਕਲ ਚੈਂਪਲਾਂ ਅਤੇ ਫੋਨ ਨਹਿਰ ਦੇ ਕੰਢੇ 'ਤੇ ਪਏ ਹਨ।
ਪਿਤਾ ਨੇ ਦੱਸਿਆ ਕਿ ਉਸੇ ਦਿਨ ਲੜਕੇ ਹਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਟਿਆਲਾ ਜ਼ਿਲ੍ਹੇ ਦੇ ਪਿੰਡ ਗੰਡਾਖੇੜੀ ਕੋਲੋਂ ਲੰਘਦੀ ਭਾਖੜਾ ਨਹਿਰ 'ਚੋਂ ਤੈਰਦੀ ਮਿਲੀ। ਜਿਸ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਮੌਰਚਰੀ 'ਚ ਰੱਖ ਦਿੱਤਾ ਗਿਆ ਹੈ। ਪਿਤਾ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਨੇ ਆਪਣੀ ਸੱਸ, ਪਤਨੀ ਅਤੇ ਸਾਲੀ ਤੋਂ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਇਸ ਲਈ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੱਸੀ ਪਠਾਣਾ ਪੁਲਿਸ ਵਲੋਂ ਮ੍ਰਿਤਕ ਦੀ ਸੱਸ ਰਜਿੰਦਰ ਕੌਰ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸਾਲੀ ਕੋਮਲ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 306 ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
(For more news apart from young man committed suicide by jumping into canal in Morinda News in Punjabi, stay tuned to Rozana Spokesman)