
ਕਿਹਾ, ਭਵਿੱਖ ਵਿਚ ਨੌਜਵਾਨਾਂ ਨੂੰ ਪਾਰਟੀ ਅਹੁਦੇ ਤੇ ਟਿਕਟਾਂ ਦੇਣ 'ਚ ਮਿਲੇਗੀ ਪਹਿਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਹੋਈਆਂ ਗ਼ਲਤੀਆਂ ਵਿਚ ਸੁਧਾਰ ਕਰ ਕੇ ਪੂਰੇ ਰੋਡ ਮੈਪ ਤੇ ਸਹੀ ਯੋਜਨਾਬੰਦੀ ਨਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜਾਂਗੇ। ਅੱਜ ਇਥੇ ਪ੍ਰਸਿੱਧ ਗਾਇਕਾ ਗਗਨ ਅਨਮੋਲ ਮਾਨ, ਯੂਥ ਅਕਾਲੀ ਦਲ ਦੇ ਆਗੂ ਅਜੈ ਸਿੰਘ ਲਿਬੜਾ ਤੇ ਕਮਿਊਨਿਸਟ ਪਾਰਟੀ ਆਰ.ਐਮ.ਪੀ. ਆਈ ਦੇ ਸੂਬਾਈ ਆਗੂ ਲਾਲ ਚੰਦ ਕਟਾਰੂ ਚੱਕ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਸੂਬਾ ਇੰਚਾਰਜ ਜਰਨੈਲ ਸਿੰਘ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਸ ਵਾਰ 'ਆਪ' ਜ਼ਰੂਰ ਬਹੁਮਤ ਨਾਲ ਪੰਜਾਬ ਵਿਚ ਸਰਕਾਰ ਬਣਾਉਣ ਵਿਚ ਸਫ਼ਲ ਹੋਵੇਗੀ।
Bhagwant Mann
ਉਨ੍ਹਾਂ ਕਿਹਾ ਕਿ ਬਾਦਲ ਦਲ ਦਾ ਆਧਾਰ ਲੋਕਾਂ ਵਿਚ ਖੁਰ ਚੁਕਾ ਹੈ ਅਤੇ ਕਾਂਗਰਸ ਸਰਕਾਰ ਤੋਂ ਵੀ ਲੋਕ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ 'ਆਪ' ਵਲੋਂ ਨੌਜਵਾਨ ਵਰਗ ਦਾ ਵੀ ਭਾਰੀ ਝੁਕਾਅ ਵੱਧ ਰਿਹਾ ਹੈ ਤੇ ਭਵਿੱਖ ਵਿਚ ਪਾਰਟੀ ਦੇ ਮੁੱਖ ਅਹੁਦਿਆਂ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿਚ ਵੀ ਟਿਕਟਾਂ ਦੇਣ ਸਮੇਂ ਨੌਜਵਾਨਾਂ ਨੂੰ ਪਹਿਲ ਦਿਤੀ ਜਾਵੇਗੀ।
Bhagwant Mann
ਉਨ੍ਹਾਂ ਕਿਹਾ ਕਿ ਵੱਖ-ਵੱਖ ਵਰਗਾਂ ਤੇ ਪਾਰਟੀਆਂ ਦੇ ਕਾਫ਼ੀ ਆਗੂ ਵੀ 'ਆਪ' ਵਿਚ ਸ਼ਾਮਲ ਹੋਣ ਲਈ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਅਗਲੇ ਦਿਨਾਂ ਵਿਚ ਪੜਾਅ ਵਾਰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਾਰਟੀ ਵਿਕਾਸ ਦੇ ਮੁੱਦੇ ਨੂੰ ਲੈ ਕੇ ਹੀ ਵਿਧਾਨ ਸਭਾ ਚੋਣ ਲੜੇਗੀ ਕਿਉਂਕਿ ਦਿੱਲੀ ਵਿਚ ਜਿੱਤ ਦਾ ਕਾਰਨ ਵਿਕਾਸ ਹੀ ਹੈ।
Bhagwant Mann
ਦਿੱਲੀ ਦੇ ਕੀਤੇ ਵਿਕਾਸ ਕੰਮਾਂ ਨੂੰ ਪੰਜਾਬ ਦੇ ਲੋਕਾਂ ਵਿਚ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਪਾਰਟੀਆ ਧਰਮਾਂ, ਜਾਤਾਂ ਤੇ ਵਰਗਾਂ ਆਦਿ ਦੇ ਮੁੱਦਿਆਂ 'ਤੇ ਲੋਕਾਂ ਨੂੰ ਆਪਸ ਵਿਚ ਵੰਡਣ ਦੀ ਨੀਤੀ 'ਤੇ ਚਲਦਿਆਂ ਵੋਟਾਂ ਲੈਂਦੀਆਂ ਹਨ ਪਰ ਇਸ ਸਮੇਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੋ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਆਰਥਕ ਪੱਖੋਂ ਬੁਰੀ ਤਰ੍ਹਾਂ ਪਿਛੜ ਚੁੱਕਾ ਹੈ ਤੇ ਸਿਹਤ ਤੇ ਸਿਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਆਮ ਲੋਕ ਸੱਖਣੇ ਹਨ।
Bhagwant Mann
ਇਸ ਮੌਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ 'ਆਪ ਲਿਆਉ, ਪੰਜਾਬ ਬਚਾਉ' ਨਾਂ ਦਾ ਇਕ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੌਜੂਦ ਹੋਰ 'ਆਪ' ਆਗੂਆਂ ਵਿਚ ਵਿਧਾਇਕ ਮੀਤ ਹੇਅਰ, ਰਾਜਨੀਤੀ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਕੋਰ ਕਮੇਟੀ ਮੈਂਬਰ ਹੈਰੀ ਵੜਿੰਗ ਤੇ ਨੌਜਵਾਨ ਆਗੂ ਨਰਿੰਦਰ ਸ਼ੇਰਗਿੱਲ ਵੀ ਮੌਜੂਦ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।