
ਸੂਬੇ ਵਿਚ ਕੁਲ ਪਾਜ਼ੇਟਿਵ ਅੰਕੜਾ ਹੋਇਆ 7627
ਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕਹਿਰ ਵਿਚ ਕੋਈ ਕਮੀ ਨਹੀਂ ਆ ਰਹੀ ਹੈ। ਪਿਛਲੇ 24 ਘੰਟੇ ਦੌਰਾਨ ਅੱਜ ਸ਼ਾਮ ਤਕ 4 ਹੋਰ ਮੌਤਾਂ ਹੋਈਆਂ ਹਨ ਅਤੇ 240 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੌਤਾਂ ਦੀ ਕੁਲ ਗਿਣਤੀ 202 ਤਕ ਪਹੁੰਚ ਗਈ ਹੈ ਜਦਕਿ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 7627 ਤਕ ਪਹੁੰਚ ਗਿਆ ਹੈ।
ਜ਼ਿਕਰਯੋਗ ਹੈ ਕਿ 17 ਪੀ.ਸੀ.ਐਸ. ਤੇ ਕਈ ਹੋਰ ਉਚ ਅਫ਼ਸਰਾਂ ਤੋਂ ਬਾਅਦ ਅੱਜ ਪੰਜਾਬ ਤਕਨੀਕੀ ਸਿਖਿਆ ਬੋਰਡ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਅਤੇ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੀਆਂ ਰੀਪੋਰਟਾਂ ਵੀ ਪਾਜ਼ੇਟਿਵ ਆਈਆਂ ਹਨ। ਸੂਬੇ ਵਿਚ ਹੁਣ ਤਕ 5395 ਮਰੀਜ਼ ਠੀਕ ਵੀ ਹੋਏ ਹਨ। 2230 ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 68 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿਚੋਂ 59 ਆਕਸੀਜਨ ਅਤੇ 9 ਵੈਂਟੀਲੇਟਰ ਉਪਰ ਹਨ। ਜਲੰਧਰ ਵਿਚ 2 ਤੇ ਸੰਗਰੂਰ ਵਿਚ 1 ਮਰੀਜ਼ ਆਈ.ਸੀ.ਯੂ. ਵਿਚ ਹੈ।
File Photo
ਅੱਜ ਲੁਧਿਆਣਾ ਵਿਚ 60, ਜਲੰਧਰ ਵਿਚ 36, ਨਵਾਂਸ਼ਹਿਰ ਵਿਚ 23 ਤੇ ਅੰਮ੍ਰਿਤਸਰ ਵਿਚ 22 ਤੇ ਮੋਹਾਲੀ ਵਿਚ 23 ਹੋਰ ਪਾਜ਼ੇਟਿਵ ਕੇਸ ਆਉਣ ਨਾਲ ਮੁੜ ਕੋਰੋਨਾ ਧਮਾਕਾ ਹੋਏ ਹਨ। ਬਠਿੰਡਾ ਵਿਚ ਵੀ ਅੱਜ 12 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸ ਸਮੇਂ ਲੁਧਿਆਣਾ ਜ਼ਿਲ੍ਹੇ ਦਾ ਕੁਲ ਪਾਜ਼ੇਟਿਵ ਅੰਕੜਾ 1400 ਦੇ ਨੇੜੇ ਪਹੁੰਚ ਗਿਆ ਹੈ। ਜਲੰਧਰ ਵਿਚ 1223, ਅੰਮ੍ਰਿਤਸਰ 1062 ਕੁਲ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ।
File Photo
ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ. ਕੋਰੋਨਾ ਪਾਜ਼ੇਟਿਵ
ਜਲੰਧਰ, 12 ਜੁਲਾਈ (ਵਰਿੰਦਰ/ਲਲਿਤ) : ਤਕਨੀਕੀ ਸਿਖਿਆ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਮਹਿੰਦਰ ਸਿੰਘ ਕੇ.ਪੀ. ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਕੇ.ਪੀ. ਦੇ ਕੋਰੋਨਾ ਹੋਣ ਤੋਂ ਬਾਅਦ ਉਸ ਨਾਲ ਰਹਿਣ ਵਾਲਿਆਂ ਵਿਚ ਦਹਿਸ਼ਤ ਫੈਲ ਗਈ ਹੈ। ਜਲੰਧਰ ਦੇ ਇਕ ਹੋਟਲ ਵਿਚ ਹੋਈ ਪ੍ਰੈੱਸ ਕਾਨਫ਼ਰੰਸ ਵਿਚ ਕੇ.ਪੀ. ਪਹੁੰਚੇ ਸਨ, ਜਿਸ ਨਾਲ ਪੱਤਰਕਾਰਾਂ, ਵਿਦਿਅਕ ਅਦਾਰਿਆਂ ਦੇ ਮਾਲਕਾਂ ਅਤੇ ਹੋਟਲ ਦੇ ਸਟਾਫ਼ ਵਿਚ ਦਹਿਸ਼ਤ ਫੈਲ ਗਈ ਹੈ। ਇਸ ਤੋਂ ਇਲਾਵਾ ਜਲੰਧਰ ਵਿਚ ਕੋਰੋਨਾ ਦੇ 27 ਹੋਰ ਕੇਸ ਸਾਹਮਣੇ ਆਏ ਹਨ।