
ਕੈਪਟਨ ਵਲੋਂ ਉਦਯੋਗਾਂ ਉਤੇ ਲਗਾਈਆਂ ਸਾਰੀਆਂ ਬਿਜਲੀ ਪਾਬੰਦੀਆਂ ਤੁਰਤ ਹਟਾਉਣ ਦੇ ਆਦੇਸ਼
ਚੰਡੀਗੜ੍ਹ, 12 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਉਦਯੋਗਾਂ ਉਤੇ ਲਗਾਈਆਂ ਸਾਰੀਆਂ ਬਿਜਲੀ ਪਾਬੰਦੀਆਂ ਸੋਮਵਾਰ ਸ਼ਾਮ ਨੂੰ ਤੁਰਤ ਉਠਾਉਣ ਦੇ ਆਦੇਸ਼ ਦਿਤੇ ਹਨ। ਮਾਨਸੂਨ ਵਿਚ ਦੇਰੀ ਕਾਰਨ ਖੇਤੀਬਾੜੀ ਤੇ ਘਰੇਲੂ ਖੇਤਰ ਦੋਹਾਂ ਵਿਚ ਅਣਕਿਆਸੀ ਮੰਗ ਕਾਰਨ ਇਹ ਸੰਕਟ ਪੈਦਾ ਹੋਇਆ ਸੀ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਪਏ ਤਿੰਨ ਯੂਨਿਟਾਂ ਵਿਚੋਂ ਇਕ ਯੂਨਿਟ ਦੇ ਚੱਲਣ ਉਪਰੰਤ ਸੂਬੇ ਵਿਚ ਬਿਜਲੀ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਰਾਜ ਪਾਵਰ ਕਾਰਪਰੋਸ਼ੇਨ ਲਿਮਟਿਡ ਨੂੰ ਨਿਰਦੇਸ਼ ਦਿਤੇ ਕਿ ਸੂਬੇ ਭਰ ਵਿਚ ਉਦਯੋਗਾਂ ਉਤੇ ਬਿਜਲੀ ਦੀ ਵਰਤੋਂ ਸਬੰਧੀ ਲਗਾਈਆਂ ਸਾਰੀਆਂ ਪਾਬੰਦੀਆਂ ਨੂੰ ਤੁਰਤ ਹਟਾਇਆ ਜਾਵੇ। ਮੁੱਖ ਮੰਤਰੀ ਨੂੰ ਜਾਣਕਾਰੀ ਦਿਤੀ ਗਈ ਕਿ ਤਲਵੰਡੀ ਸਾਬੋ ਵਿਖੇ 660 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋਣ ਨਾਲ ਸੂਬੇ ਵਿਚ ਬਿਜਲੀ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। ਪੀ.ਐਸ.ਪੀ.ਐਸ.ਐਲ. ਵਲੋਂ ਪੰਜਾਬ ਦੇ ਕੇਂਦਰੀ ਅਤੇ ਸਰਹੱਦੀ ਜ਼ੋਨ ਦੇ ਜ਼ਿਲ੍ਹਿਆਂ ਵਿਚ ਅਜਿਹੀਆਂ ਹੀ ਪਾਬੰਦੀਆਂ ਨੂੰ ਅੰਸ਼ਿਕ ਤੌਰ ਉਤੇ ਹਟਾਉਣ ਦੇ ਫ਼ੈਸਲੇ ਤੋਂ ਤੁਰਤ ਬਾਅਦ ਮੁੱਖ ਮੰਤਰੀ ਵਲੋਂ ਸਾਰੀਆਂ ਪਾਬੰਦੀਆਂ ਪੂਰਨ ਤੌਰ ਉਤੇ ਹਟਾਉਣ ਦੇ ਨਿਰਦੇਸ਼ ਦਿਤੇ ਗਏ ਹਨ।