
ਜਿਨ੍ਹਾਂ ਕਦੇ ਬੂਥ ਨਹੀਂ ਜਿਤਾਇਆ ਉਹ ਪੰਜਾਬ ਭਾਜਪਾ ਦੀ ਟੀਮ ਵਿਚ ਹਨ : ਅਨਿਲ ਜੋਸ਼ੀ
ਅੰਮਿ੍ਰਤਸਰ, 12 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਅੰਦੋਲਨ ਦੇ ਹਮਾਇਤੀ ਭਾਜਪਾ ਆਗੂ ਅਨਿਲ ਜੋਸ਼ੀ ਸਾਬਕਾ ਮੰਤਰੀ ਨੇ ਪੰਜਾਬ ਭਾਜਪਾ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਕਦੇ ਬੂਥ ਨਹੀਂ ਜਿਤਾਇਆ, ਉਹ ਸੂਬੇ ਦੇ ਉਚ ਅਹੁਦਿਆਂ ਤੇ ਬਿਰਾਜਮਾਨ ਹਨ।
ਉਨ੍ਹਾਂ ਹੈਰਾਨਗੀ ਪ੍ਰਗਟਾਈ ਕਿ ਇਕ ਸਾਲ ਤੋਂ ਚਲ ਰਹੇ ਕਿਸਾਨ ਅੰਦੋਲਨ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਣੂ ਕਰਵਾਉਣ ਦੀ ਲੋੜ ਹੀ ਨਹੀਂ ਸਮਝੀ ਜਿਸ ਦਾ ਖਮਿਆਜ਼ਾ ਸਮੁੱਚੀ ਪਾਰਟੀ ਨੂੰ ਭੁਗਣਤਾ ਪੈ ਰਿਹਾ ਹੈ। ਪੰਜਾਬ ਭਾਜਪਾਈਆਂ ਨੂੰ ਸਖ਼ਤ ਤੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਫ਼ਤਰ ਜਾਣਾ ਪੈਂਦਾ ਹੈ। ਕਿਸਾਨ ਅੰਦੋਲਨ ਨਾਲ ਸਬੰਧਤ ਭਾਜਪਾਈਆਂ ਨੂੰ ਨਾ ਤਾਂ ਮੀਟਿੰਗ ਕਰਨ ਦੇ ਰਹੇ ਹਨ ਤੇ ਨਾ ਹੀ ਸਿਆਸੀ ਸਰਗਰਮੀ ਕਰਨ ਦੀ ਖੁਲ੍ਹ ਦੇ ਰਹੇ ਹਨ ਤੇ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਕੁੱਟਿਆ ਤੇ ਬੰਦਕ ਬਣਾਇਆ ਜਾ ਰਿਹਾ ਹੈ। ਇਕ ਐਮ ਐਲ ਏ ਨੂੰ ਅਲਫ ਨੰਗਾ ਕਰ ਕੇ, ਉਸ ਦੀ ਕੁੱਟਮਾਰ ਕੀਤੀ ਗਈ।
ਅਨਿਲ ਜੋਸ਼ੀ ਨੇ ਕਿਹਾ ਕਿ ਏ ਸੀ ਕਮਰਿਆਂ ਵਿਚ ਬੈਠ ਕੇ 117 ਹਲਕਿਆਂ ਤੋਂ ਉਮੀਦਵਾਰ ਖੜੇ ਕਰਨ ਅਤੇ ਪੰਜਾਬ ਵਿਚ ਸਰਕਾਰ ਬਣਾਉਣ ਦੀਆਂ ਵਿਉਂਤਾਂ ਪੰਜਾਬ ਭਾਜਪਾ ਟੀਮ ਘੜ ਰਹੀ ਹੈ। ਭਖਦੇ ਤੇ ਲੋਕ ਮੁੱਦਿਆਂ ਦੀ ਗੱਲਬਾਤ ਨਹੀਂ ਹੋ ਰਹੀ। ਅੰਨਦਾਤੇ ਬਾਰੇ ਮੇਰੇ ਸਮੇਤ ਕੁੱਝ ਹੋਰ ਆਗੂਆਂ ਨੇ ਹਾਅ ਦਾ ਨਾਹਰਾ ਮਾਰਿਆ ਹੈ ਕਿ ਉਨ੍ਹਾਂ ਦਾ ਮਸਲਾ ਹੱਲ ਕਰੋ ਪਰ ਸਾਡੀ ਗੱਲ ’ਤੇ ਗੌਰ ਕਰਨ ਦੀ ਥਾਂ ਮੈਨੂੰ ਪਾਰਟੀ ਵਿਚੋਂ ਹੀ ਕੱਢ ਦਿਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਸ਼ਵਨੀ ਸ਼ਰਮਾ ਹਾਈ ਕਮਾਂਡ ਨੂੰ ਸੱਚੀ ਗੱਲ ਦਸਦੇ ਤਾਂ ਭਾਜਪਾ ਦੀ ਸਥਿਤੀ ਅੱਜ ਹੋਰ ਹੋਣੀ ਸੀ ।
ਅਨਿਲ ਜੋਸ਼ੀ ਮੁਤਾਬਕ ਕਿਸਾਨ ਨੇ ਸੱਭ ਤੋਂ ਪਹਿਲਾਂ ਮੰਗਾਂ ਰੱਖੀਆਂ ਸਨ ਕਿ ਐਸ ਡੀ ਐਮ ਦੀ ਥਾਂ ਉਨ੍ਹਾਂ ਨੂੰ ਅਦਾਲਤ ਵਿਚ ਜਾਣ ਦਾ ਹੱਕ ਦਿਤਾ ਜਾਵੇ ਅਤੇ ਐਮ ਐਸ ਪੀ ਦੀ ਗਰੰਟੀ ਦਿਤੀ ਜਾਵੇ ਪਰ ਸਾਡੀ ਪਾਰਟੀ ਨੇ ਅਸਲੀ ਨਬਜ਼ ਤੇ ਹੱਥ ਹੀ ਨਹੀਂ ਰਖਿਆ ਤੇ ਅਪਣੀਆਂ ਕੁਰਸੀਆਂ ਬਚਾਉਣ ਲਈ ਕੇਂਦਰੀ ਲੀਡਰਾਂ ਤੋਂ ਝੂਠ ਬੋਲਦੇ ਰਹੇ।
ਉਨ੍ਹਾਂ ਕਿਹਾ,‘‘ਮੈਂ ਕਦੇ ਵੀ ਅਪਣੀ ਸਰਕਾਰ ਨੂੰ ਮਾੜਾ ਨਹੀਂ ਕਿਹਾ,
ਇਥੋਂ ਤਕ ਕਾਲੇ ਕਾਨੂੰਨ ਵੀ ਵਰਗੇ ਸ਼ਬਦ ਵੀ ਨਹੀਂ ਵਰਤੇ ਮੈਂ ਤਾਂ ਸਿਰਫ਼ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਵਕਾਲਤ ਕੀਤੀ ਸੀ।’’ ਪੰਜਾਬ ਵਿਚ ਲੋਕ ਤੇ ਵਰਕਰ ਪਾਰਟੀ ਛੱਡ ਰਹੇ ਹਨ, ਅਸੀ ਜ਼ਮੀਨ ’ਤੇ ਕੰਮ ਕਰਦੇ ਹਾਂ। ਮੌਜੂੂਦਾ ਭਾਜਪਾ ਅਹੁਦੇਦਾਰ ਗੋਲ ਟੇਬਲਾਂ ਮੀਟਿੰਗ ਕਰ ਕੇ ਖ਼ੁਦ ਨੂੰ ਨੇਤਾ ਅਖਵਾਉਂਦੇ ਹਨ। ਅਜੇ ਮੈਂ ਕਿਸੇ ਵੀ ਪਾਰਟੀ ਵਿਚ ਜਾਣ ਦਾ ਫ਼ੈਸਲਾ ਨਹੀਂ ਕੀਤਾ, ਮੇਰਾ ਹਲਕਾ ਉਤਰੀ ਵਿਚ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ ਤੇ ਇਥੋਂ ਹੀ ਚੋੋਣ ਲੜਨੀ ਹੈ।