
ਮੱਤੇਵਾੜੇ ਵਾਲਾ ਟੈਕਸਟਾਈਲ ਪਾਰਕ ਸਨਅਤੀ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਲਾਇਆ ਜਾਵੇ : ਡਿੰਪਾ
ਸ੍ਰੀ ਖਡੁੂਰ ਸਾਹਿਬ, 12 ਜੁਲਾਈ (ਕੁਲਦੀਪ ਸਿੰਘ ਮਾਨ ਰਾਮਪੁਰ ਭੂਤਵਿੰਡ) : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਗਿੱਲ ਡਿੰਪਾ ਨੇ ਕਿਹਾ ਕਿ ਪੰਜਾਬ ਵਿਚ ਉਦਯੋਗ ਲਗਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਟੈਕਸਟਾਈਲ ਪਾਰਕ ਦਾ ਪ੍ਰਾਜੈਕਟ ਸਹੀ ਹੈ ਪਰ ਥਾਂ ਦੀ ਚੋਣ ਗ਼ਲਤ ਸੀ | ਉਨ੍ਹਾਂ ਮਾਨ ਸਰਕਾਰ ਤੋਂ ਮੰਗ ਕੀਤੀ ਕਿ 950 ਏਕੜ ਵਿਚ ਲੱਗਣ ਵਾਲਾ ਟੈਕਸਟਾਈਲ ਪ੍ਰਾਜੈਕਟ ਸਿੱਖੀ ਦੇ ਧੁਰੇ 'ਤੇ ਸਨਅਤੀ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਾਇਆ ਜਾਵੇ |
ਜਿਥੇ ਅਜੇ ਵੀ ਹਜ਼ਾਰਾਂ ਏਕੜ ਜ਼ਮੀਨ ਉਦਯੋਗਾਂ ਨੂੰ ਉਡੀਕ ਰਹੀ ਹੈ ਅਤੇ ਬਾਰਡਰ ਏਰੀਆ ਹੋਣ ਕਰ ਕੇ ਇਥੇ ਪਹਿਲਾਂ ਕੋਈ ਵੀ ਵੱਡਾ ਕਾਰਖ਼ਾਨਾ ਜਾਂ ਕੋਈ ਹੋਰ ਵੱਡਾ ਉਦਯੋਗ ਨਹੀਂ ਹੈ | ਇਸ ਦੇ ਲੱਗਣ ਨਾਲ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ | ਟੈਕਸਟਾਈਲ ਪਾਰਕ ਦੀ ਸਹੂਲਤ ਲਈ ਸ੍ਰੀ ਗੋਇੰਦਵਾਲ ਸਾਹਿਬ ਨੈਸ਼ਨਲ ਹਾਈਵੇ ਨੰਬਰ 1 ਅਤੇ ਪਠਾਨਕੋਟ-ਕਾਂਡਲਾ (ਗੁਜਰਾਤ) ਹਾਈਵੇ ਦੇ ਸੈਂਟਰ ਵਿੱਚ ਪੈਂਦਾ ਹੈ, ਰੇਲਵੇ ਸਟੇਸਨ ਵੀ ਮੌਜੂਦ ਹੈ ਅਤੇ ਏਅਰਪੋਰਟ ਵੀ ਇਥੋਂ 35 ਕਿਲੋਮੀਟਰ ਦੀ ਦੂਰੀ 'ਤੇ ਹੈ |
ਇਸ ਮੌਕੇ ਜਸਬੀਰ ਸਿੰਘ ਗਿੱਲ ਡਿੰਪਾ ਨੇ ਆਪ ਸਰਕਾਰ ਦੇ ਮਾਝੇ ਤੋਂ ਸਾਰੇ ਵਿਧਾਇਕਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਮਾਨ ਸਰਕਾਰ ਨੂੰ ਇਕਮੁਠ ਹੋ ਕੇ ਅਪੀਲ ਕਰਨ ਕਿ ਇਹ ਮੱਤੇਵਾੜੇ ਵਾਲਾ ਟੈਕਸਟਾਈਲ ਪਾਰਕ ਮਾਝੇ ਦੀ ਧਰਤੀ, ਸਿੱਖੀ ਦੇ ਧੁਰੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਾਇਆ ਜਾਵੇ |
ਫੋਟੋ :- ਮਾਨ-12-01
ਕੈਪਸਨ :- ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ੍ਰ ਜਸਬੀਰ ਸਿੰਘ ਡਿੰਪਾ ਗਿੱਲ |