
ਦੇਸ਼ ਵਿਚ ਅਜੀਬ ਤਰ੍ਹਾਂ ਦੇ ਡਰ ਤੇ ਭੈਅ ਦਾ ਮਾਹੌਲ : ਯਸ਼ਵੰਤ ਸਿਨਹਾ
ਚੰਡੀਗੜ੍ਹ, 12 ਜੁਲਾਈ (ਗੁਰਉਪਦੇਸ਼ ਭੁੱਲਰ): ਵਿਰੋਧ ਪਾਰਟੀਆਂ ਦੇ ਰਾਸ਼ਟਰਪਤੀ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਦੇਸ਼ ਵਿਚ ਅਜੀਬ ਡਰ ਭੈਅ ਦਾ ਮਾਹੌਲ ਹੈ | ਉਹ ਅੱਜ ਚੰਡੀਗੜ੍ਹ ਵਿਖੇ ਕਾਂਗਰਸ ਤੇ ਹੋਰ ਪਾਰਟੀਆਂ ਤੋਂ ਅਪਣੇ ਲਈ ਸਮਰਥਨ ਲੈਣ ਲਈ ਪਹੁੰਚੇ ਸਨ | ਉਨ੍ਹਾਂ ਹਰਿਆਣਾ ਕਾਂਗਰਸ ਭਵਨ ਵਿਚ ਵਿਧਾਇਕਾਂ ਨਾਲ ਮੀਟਿੰਗ ਕਰ ਕੇ ਵੋਟਾਂ ਦੇਣ ਲਈ ਅਪੀਲ ਕੀਤੀ | ਇਸ ਮੌਕੇ ਹਰਿਆਣਾ ਕਾਂਗਰਸ ਪ੍ਰਧਾਨ ਉਦੈ ਭਾਨ, ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ | ਸਿਨਹਾ ਨੇ ਪੰਜਾਬ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੋਂ ਵੀ ਸਮਰਥਨ ਮੰਗਿਆ ਹੈ |
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਖ਼ੌਫ਼ ਦਾ ਮਾਹੌਲ ਇਸ ਸਮੇਂ ਦੇਸ਼ ਹੈ ਪਹਿਲਾਂ ਅਜਿਹਾ ਕਦੇ ਨਹੀਂ ਦੇਖਿਆ | ਹਿੰਦੂ ਨੂੰ ਮੁਸਲਮਾਨ ਦਾ ਡਰ ਸਤਾ ਰਿਹਾ ਹੈ ਅਤੇ ਮੁਸਲਮਾਨ ਭਾਈਚਾਰਾ ਹਿੰਦੂਆਂ ਤੋਂ ਡਰ ਰਿਹਾ ਹੈ | ਘੱਟ ਗਿਣਤੀਆਂ ਵਿਚ ਡਰ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਸਰਕਾਰੀ ਏਜੰਸੀਆਂ ਤੋਂ ਡਰਿਆ ਹੋਇਆ ਹੈ | ਮੈਂ ਪ੍ਰਸ਼ਾਸਨ ਤਕ ਜਨਤਕ ਜੀਵਨ ਵਿਚ 60 ਸਾਲਾਂ ਵਿਚ ਅਜਿਹਾ ਨਹੀਂ ਦੇਖਿਆ ਕਿ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਇਸ ਤਰ੍ਹਾਂ ਹੁੰਦੀ ਹੋਵੇ | ਮਹਾਰਾਸ਼ਟਰ ਸਰਕਾਰ ਡੇਗ ਦਿਤੀ ਗਈ | ਉਨ੍ਹਾਂ ਕਿਹਾ ਕਿ ਇਹ ਕੋਈ ਇਕੱਲੇ ਏਕਨਾਥ ਸ਼ਿੰਦੇ ਨੇ ਰੁੱਖ ਹੇਠਾਂ ਬੈਠ ਕੇ ਯੋਜਨਾ ਨਹੀਂ ਸੀ ਬਣਾਈ ਅਤੇ ਏਜੰਸੀਆਂ ਰਾਹੀਂ ਸੱਤਾ ਪਲਟ ਕੀਤਾ ਗਿਆ | ਸਿਨਹਾ ਨੇ ਕਿਹਾ ਕਿ ਹੁਣ ਰਾਸ਼ਟਰਪਤੀ ਦੀ ਚੋਣ ਵਿਚ ਵੋਟਾਂ ਲਈ ਵੀ ਇਸੇ ਤਰ੍ਹਾਂ ਭਾਜਪਾ ਮੈਂਬਰਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਬਣ ਜਾਵਾਂ ਤਾਂ ਸਹੁੰ ਚੁਕਣ ਦੇ ਅਗਲੇ ਦਿਨ ਹੀ ਇਹ ਸੱਭ ਕੁੱਝ ਬੰਦ ਕਰਵਾ ਦਿਆਂਗਾ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਰਾਸ਼ਟਰਪਤੀ ਦਾ ਕਾਰਜਕਾਲ ਪੂਰੀ ਤਰ੍ਹਾਂ ਖਾਮੋਸ਼ੀ ਵਾਲਾ ਰਿਹਾ ਹੈ | ਸਿਨਹਾ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਪਣੇ ਮੌਲਿਕ ਅਧਿਕਾਰ ਹੁੰੰਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ |