
ਇਟਲੀ ਦੀ ਆਰਕੀਟੈਕਟ ਨੇ ਚੰਡੀਗੜ੍ਹ ਦਾ ਨਕਸ਼ਾ ਇਕ ਆਦਮੀ ਦੀ ਸ੍ਰੀਰ ਨੂੰ ਆਧਾਰ ਬਣਾ ਕੇ ਤਿਆਰ ਕੀਤਾ ਸੀ
ਹੁਣ ਉਸ ਨਕਸ਼ੇ ਨੂੰ ਲੀਰੋ ਲੀਰ ਕੀਤਾ ਜਾ ਰਿਹਾ ਹੈ
ਚੰਡੀਗੜ੍ਹ, 12 ਜੁਲਾਈ (ਲੰਕੇਸ਼ ਤਿ੍ਖਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜੂਨ ਦੇ ਮਹੀਨੇ ਵਿਚ ਚੰਡੀਗੜ੍ਹ ਦੀਆਂ ਕਈ ਥਾਂਵਾਂ ਤੇ ਘੁੰਮ ਕੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਜਾਇਜ਼ਾ ਲਿਆ ਸੀ | ਇਸ ਗੱਲ ਦਾ ਸ਼ੁਰੂਆਤ ਵਿਚ ਜ਼ਿਕਰ ਕਰਨਾ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਮਨੋਹਰ ਲਾਲ ਖੱਟਰ ਦੇ ਇਕ ਟਵੀਟ ਨੇ ਪੰਜਾਬ ਦੇ ਸਿਆਸਤਦਾਨਾਂ ਦੇ ਦਿਲਾਂ ਵਿਚ ਚੰਡੀਗੜ੍ਹ ਦੇ ਫ਼ਿਕਰ ਦਾ ਧੁੜਕੂ ਮੁੜ ਦੁਬਾਰਾ ਪੈਦਾ ਕੀਤਾ ਹੈ |
ਮਨੋਹਰ ਲਾਲ ਖੱਟਰ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ ਹਰਿਆਣਾ ਵਿਧਾਨ ਸਭਾ ਲਈ ਵਖਰੀ ਇਮਾਰਤ ਦੀ ਸਾਡੀ ਮੰਗ ਨੂੰ ਪੂਰਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਵੀਕਾਰ ਕਰ ਲਿਆ ਹੈ | ਅਮਿਤ ਸ਼ਾਹ ਨੇ ਚੰਡੀਗੜ੍ਹ ਵਿਚ ਵਿਧਾਨ ਸਭਾ ਲਈ ਵਾਧੂ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ | ਅਜਿਹੇ ਵਿਚ ਹਰਿਆਣਾ ਦੇ ਸਾਰੇ ਲੋਕਾਂ ਦੀ ਤਰਫ਼ੋਂ ਮੈਂ ਗ੍ਰਹਿ ਮੰਤਰੀ ਦਾ ਦਿਲ ਤੋਂ ਧਨਵਾਦ ਕਰਦਾ ਹਾਂ |
ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਚਰ ਦੇ ਸਾਬਕਾ ਚੇਅਰਮੈਨ ਸੁਰਿੰਦਰ ਬਾਘਾ ਨੇ ਜੂਨ ਦੇ ਮਹੀਨੇ ਵਿਚ ਮੀਡੀਆ ਨਾਲ ਮੁਖ਼ਾਤਬ ਹੋ ਕੇ ਦਸਿਆ ਸੀ ਕਿ ਕਿਵੇਂ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਚੰਡੀਗੜ੍ਹ ਦੇ ਮਾਸਟਰ ਪਲਾਨ ਵਿਰੁਧ ਹੈ | ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਸੁਰਿੰਦਰ ਨੇ ਦਸਿਆ ਕੇ ਜਿਸ ਚੰਡੀਗੜ੍ਹ ਦੇ ਨਕਸ਼ੇ ਉਤੇ ਲੋਕ ਬਾਹਰੋਂ ਵਿਦੇਸ਼ਾਂ ਤੋਂ ਆ ਕੇ ਰਿਸਰਚ ਕਰਦੇ ਹਨ ਅੱਜ ਉਸ ਨਕਸ਼ੇ ਦੀ ਬੁਨਿਆਦ ਨੂੰ ਜੜੋ੍ਹਾ ਖ਼ਤਮ ਕੀਤਾ ਜਾ ਰਿਹਾ | ਸੁਰਿੰਦਰ ਨੇ ਇਹ ਵੀ ਦਸਿਆ ਕਿ ਇਟਲੀ ਦੇ ਮਸ਼ਹੂਰ ਆਰਕੀਟੈਕਟ ਨੇ ਬਕਾਇਦਾ ਸੁਰਿੰਦਰ ਨੂੰ ਮੇਲ ਲਿਖ ਕੇ ਇਸ ਗੱਲ ਦਾ ਅਫ਼ਸੋਸ ਜ਼ਾਹਰ ਕੀਤਾ ਹੈ | ਸੁਰਿੰਦਰ ਨੇ ਦਸਿਆ ਕਿ ਚੰਡੀਗੜ੍ਹ ਦਾ ਨਕਸ਼ਾ ਇਕ ਇਨਸਾਨ ਦੇ ਜਿਸਮ 'ਤੇ ਆਧਾਰਤ ਹੈ | ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਉਸ ਨਕਸ਼ੇ ਦੇ ਨਾਲ ਖਿਲਵਾੜ ਹੈ |