
ਲੰਘੇ ਅਪ੍ਰੈਲ ਮਹੀਨੇ ਖੰਨਾ ਦੇ ਪੁਲਿਸ ਥਾਣੇ ਅੰਦਰ ਥਾਣੇਦਾਰ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਅੰਮ੍ਰਿਤਧਾਰੀ ਗੁਰਸਿੱਖ ਸ.
ਅੰਮ੍ਰਿਤਸਰ, 12 ਅਗੱਸਤ (ਪਰਮਿੰਦਰਜੀਤ): ਲੰਘੇ ਅਪ੍ਰੈਲ ਮਹੀਨੇ ਖੰਨਾ ਦੇ ਪੁਲਿਸ ਥਾਣੇ ਅੰਦਰ ਥਾਣੇਦਾਰ ਸਮੇਤ ਪੁਲਿਸ ਮੁਲਾਜ਼ਮਾਂ ਵਲੋਂ ਅੰਮ੍ਰਿਤਧਾਰੀ ਗੁਰਸਿੱਖ ਸ. ਜਗਪਾਲ ਸਿੰਘ, ਉਸ ਦੇ ਪੁੱਤਰ ਅਤੇ ਇਕ ਹੋਰ ਵਿਅਕਤੀ ਨੂੰ ਨੰਗਾ ਕਰ ਕੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੇ 4 ਮਹੀਨੇ ਬੀਤਣ ਮਗਰੋਂ ਵੀ ਸਬੰਧਤ ਥਾਣੇਦਾਰ ’ਤੇ ਕੋਈ ਕਾਰਵਾਈ ਨਾ ਹੋਣਾ ਮੰਦਭਾਗੀ ਗੱਲ ਹੈ।
ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਥਾਣੇਦਾਰ ਸ. ਬਲਜਿੰਦਰ ਸਿੰਘ ਨੂੰ ਤੁਰਤ ਗਿ੍ਰਫ਼ਤਾਰ ਕਰ ਕੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਭਾਈ ਲੌਂਗੋਵਾਲ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿਚ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਨਾਲ ਅਣਮਨੁੱਖੀ ਵਿਹਾਰ ਕਰਨਾ ਗ਼ਲਤ ਹੈ ਅਤੇ ਅਜਿਹਾ ਕਰਨ ਕਰ ਕੇ ਖੰਨਾ ਥਾਣੇ ਦੇ ਤਤਕਾਲੀ ਐਸ.ਐਚ.ਓ. ਨੂੰ ਗਿ੍ਰਫ਼ਤਾਰ ਕੀਤਾ ਜਾਵੇ। ਇਸ ਸਬੰਧ ਵਿਚ ਉਨ੍ਹਾਂ ਨੇ ਪੰਜਾਬ ਦੇ ਡੀ.ਜੀ.ਪੀ. ਨੂੰ ਕਹਿ ਦਿਤਾ ਹੈ।