
ਉਨ੍ਹਾਂ ਦੀ ਵਿਲੱਖਣ ਸੋਚ ਨੂੰ ਸਦਾ ਯਾਦ ਰਖਿਆ ਜਾਵੇਗਾ
Mohali News : ਸਾਬਕਾ ਡਿਪਟੀ ਡਾਇਰੈਕਟਰ, ਪੰਜਾਬੀ ਖਾਦੀ ਤੇ ਗ੍ਰਾਮ ਉਦਯੋਗ, ਚੰਡੀਗੜ੍ਹ ਅਤੇ ਪੈਨਸ਼ਨਰਜ਼ ਤੇ ਰਿਟਾਇਰਮੈਨ ਐਸੋਸੀਏਸ਼ਨ ਦੇ ਪ੍ਰਧਾਨ ਭਰਭੂਰ ਸਿੰਘ ਡੁਲਟ ਅੱਜ ਖ਼ਾਸ ਤੌਰ ’ਤੇ ‘ਰੋਜ਼ਾਨਾ ਸਪੋਕਸਮੈਨ’ ਦੇ ਦਫ਼ਤਰ ਪੁਜੇ ਅਤੇ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੈਨੇਜਿੰਗ ਡਾਇਰੈਕਟਰ ਸਰਦਾਰਨੀ ਜਗਜੀਤ ਕੌਰ ਨਾਲ ਗਲਬਾਤ ਦੌਰਾਨ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ‘‘ਜੋ ਕੰਮ ਸ. ਜੋਗਿੰਦਰ ਸਿੰਘ ਜੀ ਕਰ ਗਏ ਹਨ, ਉਹ ਬੇਮੇਲ ਹੈ ਤੇ ਕੋਈ ਵੀ ਉਸ ਦੀ ਰੀਸ ਨਹੀਂ ਕਰ ਸਕਦਾ। ਉਨ੍ਹਾਂ ਦੀ ਵਿਲੱਖਣ ਸੋਚ ਨੂੰ ਸਦਾ ਯਾਦ ਰਖਿਆ ਜਾਵੇਗਾ।
ਅਕਾਲ ਪੁਰਖ ਦਾ ਉਨ੍ਹਾਂ ਦੇ ਸਿਰ ’ਤੇ ਸਦਾ ਹੱਥ ਬਣਿਆ ਰਿਹਾ। ਉਹ ਸਦਾ ਗੁਰੂ ਨਾਨਕ ਲੇਵਾ ਅਤੇ ਗੁਰੂ ਜੀ ਦੇ ਸਿਧਾਂਤ ਨੂੰ ਪੂਰੀ ਦੁਨੀਆ ’ਚ ਰੁਸ਼ਨਾਉਣ ਦਾ ਜਤਨ ਕਰਦੇ ਰਹੇ। ਉਨ੍ਹਾਂ ਦਾ ਦਿਹਾਂਤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਦੇ ਵੀ ਪੂਰਿਆ ਨਾ ਜਾ ਸਕਣ ਵਾਲਾ ਅਜਿਹਾ ਘਾਟਾ ਹੈ, ਜੋ ਸਦਾ ਸਾਡੇ ਦਿਲਾਂ ਨੂੰ ਮਹਿਸੂਸ ਹੁੰਦਾ ਰਹੇਗਾ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਦੇਸ਼-ਵਿਦੇਸ਼ ਦੇ ਪ੍ਰੇਮੀਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਸ. ਜੋਗਿੰਦਰ ਸਿੰਘ ਜੀ ਦੀ ਸੋਚ ’ਤੇ ਸਦਾ ਪਹਿਰਾ ਦਿੰਦੇ ਰਹਿਣਗੇ। ਅਕਾਲ ਪੁਰਖ ਨੂੰ ਸਾਡਾ ਦਿਲੋਂ ਬੇਨਤੀ ਹੈ ਕਿ ਉਹ ਸ. ਜੋਗਿੰਦਰ ਸਿੰਘ ਜੀ ਨੂੰ ਅਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਅਤੇ ‘ਅਦਾਰਾ ਸਪੋਕਸਮੈਨ’ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਅਦਾਰਾ ਸਦਾ ਚੜ੍ਹਦੀ ਕਲਾ ’ਚ ਕਾਇਮ ਰਹੇ।’’