
ਫਿਲਹਾਲ ਬੀਐਸਐਫ ਦੇ ਜਵਾਨਾਂ ਨੇ ਉਸਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ
Tarn Taran News : ਤਰਨਤਾਰਨ ਬਾਰਡਰ 'ਤੇ ਸੀਮਾ ਸੁਰੱਖਿਆ ਬਲ (BSF) ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਸੁਤੰਤਰਤਾ ਦਿਵਸ ਨੇੜੇ ਆਉਂਦੇ ਹੀ ਸਰਹੱਦ 'ਤੇ ਜਾਰੀ ਅਲਰਟ ਨੂੰ ਦੇਖਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਸਾਵਧਾਨੀ 'ਚ ਇਹ ਕਦਮ ਚੁੱਕਿਆ ਹੈ। ਉਹ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਵਾਰ-ਵਾਰ ਚੁਣੌਤੀ ਦੇਣ ਦੇ ਬਾਵਜੂਦ ਵਾਪਸ ਨਹੀਂ ਗਿਆ। ਫਿਲਹਾਲ ਬੀਐਸਐਫ ਦੇ ਜਵਾਨਾਂ ਨੇ ਉਸਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਘਟਨਾ 12-13 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਇੱਕ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਇਹ ਘੁਸਪੈਠੀਆਂ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡਲ ਕੋਲ ਪੈਂਦੇ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਆ ਰਿਹਾ ਸੀ।
ਬੀਐਸਐਫ ਜਵਾਨਾਂ ਨੇ ਘੁਸਪੈਠੀਏ ਨੂੰ ਚਣੌਤੀ ਦਿੱਤੀ ਪਰ ਉਹ ਨਹੀਂ ਰੁਕਿਆ ਅਤੇ ਸਰਹੱਦੀ ਸੁਰੱਖਿਆ ਵਾੜ ਵੱਲ ਵਧਦਾ ਰਿਹਾ। ਖਤਰੇ ਨੂੰ ਭਾਂਪਦਿਆਂ ਅਤੇ ਰਾਤ ਦੇ ਸਮੇਂ ਸਰਹੱਦ 'ਤੇ ਹਾਈ ਅਲਰਟ ਸਥਿਤੀ ਨੂੰ ਦੇਖਦੇ ਹੋਏ ਡਿਊਟੀ 'ਤੇ ਤਾਇਨਾਤ ਜਵਾਨਾਂ ਨੇ ਅੱਗੇ ਵਧ ਰਹੇ ਘੁਸਪੈਠੀਏ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜੇਕਰ ਪੰਜਾਬ ਸਰਹੱਦ 'ਤੇ ਪੈਂਦੇ ਇਸ ਘਟਨਾ ਸਥਾਨ ਦੀ ਗੱਲ ਕਰੀਏ ਤਾਂ ਤਰਨਤਾਰਨ ਦਾ ਡਲ ਇਲਾਕਾ ਨਸ਼ਾ ਤਸਕਰੀ ਲਈ ਬਹੁਤ ਹੀ ਸੰਵੇਦਨਸ਼ੀਲ ਹੈ। ਬੀਐਸਐਫ ਕਈ ਵਾਰ ਇੱਥੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰ ਚੁੱਕੀ ਹੈ। ਇਸ ਦੇ ਨਾਲ ਹੀ ਸੁਤੰਤਰਤਾ ਦਿਵਸ ਦੇ ਕਾਰਨ ਪੂਰੇ ਸਰਹੱਦੀ ਖੇਤਰ 'ਤੇ ਅਲਰਟ ਜਾਰੀ ਕੀਤਾ ਗਿਆ ਹੈ।