
ਉਨ੍ਹਾਂ ਨੇ ਪਖੰਡਵਾਦ ਨੂੰ ਬਹੁਤ ਵੱਡੀ ਢਾਹ ਲਾਈ
Mohali News : ‘ਉਚਾ ਦਰ ਬਾਬੇ ਨਾਨਕ ਦਾ’ ਦੇ ਸਰਪ੍ਰਸਤ ਮੈਂਬਰ ਸ. ਜਗਜੀਤ ਸਿੰਘ ਕੂੰਨਰ, ਜਰਮਨੀ ਅੱਜ ਖ਼ਾਸ ਤੌਰ ’ਤੇ ‘ਰੋਜ਼ਾਨਾ ਸਪੋਕਸਮੈਨ’ ਦੇ ਦਫ਼ਤਰ ਪੁਜੇ ਅਤੇ ਅਖ਼ਬਾਰ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਮੈਨੇਜਿੰਗ ਡਾਇਰੈਕਟਰ ਸਰਦਾਰਨੀ ਜਗਜੀਤ ਕੌਰ ਨਾਲ ਗਲਬਾਤ ਦੌਰਾਨ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਸ.ਜੋਗਿੰਦਰ ਸਿੰਘ ਜੀ ਦੇ ਜਾਣ ਦਾ ਸਾਨੂੰ ਹੀ ਨਹੀਂ, ਸਮੁਚੀ ਸਿੱਖ ਕੌਮ ਨੂੰ ਬਹੁਤ ਦੁੱਖ ਹੋਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਕੌਮ ਲਈ ਇਕ ਕਦੇ ਵੀ ਪੂਰਿਆ ਨਾ ਜਾ ਸਕਣ ਵਾਲਾ ਘਾਟਾ ਹੈ। ਉਨ੍ਹਾਂ ਦੀ ਪ੍ਰੇਰਣਾ ਸਦਕਾ ਦੇਸ਼ਾਂ-ਵਿਦੇਸ਼ਾਂ ’ਚ ਬਹੁਤ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ’ਤੇ ਚਲਣ ਲੱਗੇ। ਉਨ੍ਹਾਂ ਨੇ ਪਖੰਡਵਾਦ ਨੂੰ ਬਹੁਤ ਵੱਡੀ ਢਾਹ ਲਾਈ। ਉਨ੍ਹਾਂ ਦੀ ਸੋਚ ਹਮੇਸ਼ਾ ਚੜ੍ਹਦੀ ਕਲਾ ਵਾਲੇ ਸਿੱਖਾਂ ਦੇ ਦਿਲਾਂ ’ਚ ਸਦਾ ਸਮਾਈ ਰਹੇਗੀ।
ਉਨ੍ਹਾਂ ਨੇ ‘ਉਚਾ ਦਰ ਬਾਬੇ ਨਾਨਕ ਦਾ’ ਨੂੰ ਸਥਾਪਤ ਕਰਨ ਲਈ ਆਪਣੀ ਜ਼ਿੰਦਗੀ ਦਾ ਜੋ ਨਿਸ਼ਾਨਾ ਮਿਥਿਆ ਸੀ, ਗੁਰੂ ਮਹਾਰਾਜ ਨੇ ਉਨ੍ਹਾਂ ’ਤੇ ਮਿਹਰ ਕੀਤੀ ਅਤੇ ਉਹ ੳਸ ਦਾ ਉਦਘਾਟਨ ਕਰ ਕੇ ਹੀ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਏ ਹਨ। ‘ਉਨ੍ਹਾਂ ਨੇ ਅਪਣੀ ਸੋਚ ਉਤੇ ਅਪਣੀ ਵਾਰਸ ਬੀਬਾ ਨਿਮਰਤ ਕੌਰ ਨੂੰ ਸਿੱਖੀ ਦੀ ਅਜਿਹੀ ਗੁੜ੍ਹਤੀ ਦਿਤੀ ਕਿ ਉਹ ਹੁਣ ਉਨ੍ਹਾਂ ਦੇ ਅਦਾਰੇ ਅਤੇ ਸੋਚ ਨੂੰ ਹਮੇਸ਼ਾ ਪ੍ਰਫ਼ੁੱਲਤ ਰੱਖਣ ਦੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਹੇ ਹਨ।’
ਸ. ਜਗਜੀਤ ਸਿੰਘ ਕੂੰਨਰ ਨੇ ਅੱਗੇ ਕਿਹਾ ਕਿ ‘ਉਚਾ ਦਰ ਬਾਬੇ ਨਾਨਕ ਦਾ’ ਸ. ਜੋਗਿੰਦਰ ਸਿੰਘ ਜੀ ਦੇ ਸਿਧਾਂਤਾਂ, ਉਨ੍ਹਾਂ ਦੀ ਪ੍ਰੇਰਣਾ ਨੂੰ ਰਹਿੰਦੀ ਦੁਨੀਆ ਤਕ ਬਿਖੇਰਦਾ ਰਹੇਗਾ। ‘ਅਸੀਂ ਵੀ ਉਨ੍ਹਾਂ ਦੇ ਦਸੇ ਹੋਏ ਰਾਹਾਂ ’ਤੇ ਚਲ ਕੇ ਉਨ੍ਹਾਂ ਦੇ ਦਰਸਾਏ ਸਿਧਾਂਤ ਦੀ ਤਨੋਂ-ਮਨੋਂ ਪਾਲਣਾ ਕਰਦੇ ਰਹਾਂਗੇ। ਲੋਹ-ਪੁਰਸ਼ ਇਨਸਾਨ ਸ. ਜੋਗਿੰਦਰ ਸਿੰਘ ਜੀ ਦੀ ਆਤਮਾ ਨੂੰ ਅਕਾਲ ਪੁਰਖ ਸ਼ਾਂਤੀ ਬਖ਼ਸ਼ੇ ਅਤੇ ਅਪਣੇ ਚਰਨਾਂ ’ਚ ਸਦੀਵੀ ਨਿਵਾਸ ਬਖ਼ਸ਼ੇ।’