
ਨਵੇਂ ਸਿਰੇ ਤੋਂ ਸੁਣਵਾਈ ਕਰੇਗੀ ਸੁਪਰੀਮ ਕੋਰਟ ਦੀ 3 ਮੈਂਬਰੀ ਬੈਂਚ
ਨਵੀਂ ਦਿੱਲੀ: ਦਿੱਲੀ-ਐੱਨ.ਸੀ.ਆਰ. ’ਚੋਂ ਅਵਾਰਾ ਕੁੱਤਿਆਂ ਨੂੰ ਬਾਹਰ ਕੱਢਣ ਦੇ ਮੁੱਦੇ ਉਤੇ ਨਵੇਂ ਸਿਰੇ ਤੋਂ ਵਿਚਾਰ ਕੀਤਾ ਜਾਵੇਗਾ। ਇਸ ਲਈ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਇਕ ਬੈਂਚ ਨੂੰ ਨੋਟੀਫਾਈ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੀ ਵੈੱਬਸਾਈਟ ਉਤੇ ਉਪਲਬਧ ਕੇਸਾਂ ਦੀ ਸੂਚੀ ਮੁਤਾਬਕ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਅੰਜਾਰੀਆ ਦੀ ਬੈਂਚ ਵੀਰਵਾਰ ਨੂੰ ‘ਆਵਾਰਾ ਪਸ਼ੂਆਂ ਦੀ ਦਹਿਸ਼ਤ ਹੇਠ ਸ਼ਹਿਰ, ਬੱਚਿਆਂ ਨੂੰ ਕੀਮਤ ਅਦਾ ਕਰਨੀ ਪੈਂਦੀ ਹੈ’ ਸਿਰਲੇਖ ਵਾਲੇ ਮਾਮਲੇ ਦੀ ਸੁਣਵਾਈ ਕਰੇਗੀ।
ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੀ ਬੈਂਚ ਨੇ ਸੋਮਵਾਰ ਨੂੰ ਦਿੱਲੀ-ਐਨ.ਸੀ.ਆਰ. ਦੀਆਂ ਨਗਰ ਨਿਗਮਾਂ ਨੂੰ ਸਾਰੇ ਅਵਾਰਾ ਕੁੱਤਿਆਂ ਨੂੰ ਤੁਰਤ ਫੜਨ ਅਤੇ ਉਨ੍ਹਾਂ ਨੂੰ ਸ਼ੈਲਟਰਾਂ ਵਿਚ ਤਬਦੀਲ ਕਰਨ ਦੇ ਹੁਕਮ ਦਿਤੇ ਸਨ।
ਜਨਤਕ ਸੁਰੱਖਿਆ ਅਤੇ ਰੇਬੀਜ਼ ਦੇ ਵਧਦੇ ਖਤਰੇ ਉਤੇ ਗੰਭੀਰ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਜਸਟਿਸ ਪਾਰਦੀਵਾਲਾ ਦੀ ਅਗਵਾਈ ਵਾਲੇ ਬੈਂਚ ਨੇ ਸਥਿਤੀ ਨੂੰ ਗੰਭੀਰ ਦਸਿਆ ਅਤੇ ਜ਼ੋਰ ਦਿਤਾ ਕਿ ਸੜਕਾਂ ਉਤੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰਤ ਕਾਰਵਾਈ ਜ਼ਰੂਰੀ ਹੈ।
ਆਵਾਰਾ ਕੁੱਤਿਆਂ ਨੂੰ ਦਿੱਲੀ-ਐਨ.ਸੀ.ਆਰ. ਵਿਚ ਸ਼ੈਲਟਰਾਂ ਵਿਚ ਤਬਦੀਲ ਕਰਨ ਦੇ ਫੈਸਲੇ ਨੇ ਸਮਾਜ ਦੇ ਕਈ ਹਿੱਸਿਆਂ ਵਿਚ ਹੰਗਾਮਾ ਪੈਦਾ ਕਰ ਦਿਤਾ। ਦੇਸ਼ ਭਰ ਦੇ ਪਸ਼ੂ ਪ੍ਰੇਮੀਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਉਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਬੇਆਵਾਜ਼ਾਂ ਲਈ ਚਿੰਤਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਇਸ ਤੋਂ ਪਹਿਲਾਂ ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵਈ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਮੁੱਦੇ ਉਤੇ ਗੌਰ ਕਰੇਗਾ ਕਿਉਂਕਿ ਇਕ ਵਕੀਲ ਨੇ ਦਿੱਲੀ ’ਚ ਕਮਿਊਨਿਟੀ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਬਾਰੇ ਪਟੀਸ਼ਨ ਦਾ ਜ਼ਿਕਰ ਕੀਤਾ ਸੀ।