
ਇਹ ਐਲਾਨ ਦਿੱਲੀ ਵਿਖੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਮੀਟਿੰਗ ਵਿਚ ਕੀਤਾ ਗਿਆ
ਚੰਡੀਗੜ੍ਹ(ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਨੂੰ ਉਦਯੋਗ ਅਤੇ ਵਣਜ ਮੰਤਰਾਲੇ ਵਲੋਂ ਕੀਤੇ ਅਧਿਐਨ ਅਨੁਸਾਰ ਲੌਜ਼ਿਸਟਿਕ ਈਜ਼ ਵਿਚ ਦੂਜਾ ਸਥਾਨ ਹਾਸਲ ਹੋਇਆ ਹੈ। ਇਹ ਐਲਾਨ ਦਿੱਲੀ ਵਿਖੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਮੀਟਿੰਗ ਵਿਚ ਕੀਤਾ ਗਿਆ।
ਵਪਾਰ ਅਤੇ ਸਨਅਤ ਲਈ ਉਸਾਰੂ ਮਾਹੌਲ ਸਿਰਜਣ ਸਬੰਧੀ ਸੂਬਾ ਸਰਕਾਰ ਵਲੋਂ ਕੀਤੇ ਵੱਖ-ਵੱਖ ਯਤਨਾਂ ਨੂੰ ਮਾਨਤਾ ਦੇਣ ਲਈ ਕੇਂਦਰੀ ਮੰਤਰੀ ਦਾ ਧਨਵਾਦ ਕਰਦਿਆਂ ਵਧੀਕ ਮੁੱਖ ਸਕੱਤਰ, ਉਦਯੋਗ ਅਤੇ ਵਣਜ ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਵਿਚ ਨਿਵੇਸ਼ ਕਰਨ ਦੇ ਚਾਹਵਾਨਾਂ ਨੂੰ ਹਰ ਸੰਭਵ ਮਦਦ ਦੇਣ ਲਈ ਪੰਜਾਬ ਪੂਰੀ ਤਰ੍ਹਾਂ ਵਚਨਬੱਧ ਹੈ।
Piyush Goyal
ਉਨ੍ਹਾਂ ਅੱਗੇ ਕਿਹਾ ਕਿ ਸੂਬੇ ਨੇ ਬੀਤੇ ਦੋ ਸਾਲਾਂ ਵਿਚ 50,000 ਕਰੋੜ ਤੋਂ ਵੱਧ ਦਾ ਨਿਵੇਸ਼ ਲਿਆਂਦਾ ਹੈ ਜਿਸ ਨਾਲ ਪੰਜਾਬ ਵਿਚ ਉਦਯੋਗਾਂ ਦੀ ਮੁੜ ਸੁਰਜੀਤੀ ਹੋਈ ਹੈ। ਬੋਰਡ ਮੀਟਿੰਗ ਵਿਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਵਿਨੀ ਮਹਾਜਨ ਨੇ ਸੂਬੇ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ਸਬੰਧੀ ਮੁੱਦੇ ਉਠਾਏ ਅਤੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਮੁੱਦਿਆਂ ਦੇ ਜਲਦੀ ਹੱਲ ਲਈ ਬੇਨਤੀ ਕੀਤੀ। ਇਸ ਮਾਮਲੇ ਵਿਚ ਕੇਂਦਰੀ ਮੰਤਰੀ ਦੇ ਜਲਦੀ ਦਖ਼ਲ ਲਈ ਬੇਨਤੀ ਕਰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਐਕਸਪੋਰਟਰਜ਼ ਬਾਰੇ ਨਿਯਮਾਂ ਦੀ ਉਲੰਘਣਾ ਸਬੰਧੀ ਹਾਲੇ ਤਕ ਕੋਈ ਵੀ ਸਰਕਾਰੀ ਸੂਚਨਾ ਨਹੀਂ ਹੈ
ਜਿਸ ਕਰ ਕੇ ਉਨ੍ਹਾਂ ਨੂੰ ਰਿਸਕੀ ਘੋਸ਼ਿਤ ਕੀਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ਤੇ ਸਿੱਧਾ ਹਮਲਾ ਹੈ ਜੋ ਇਸ ਵਪਾਰ ਵਿਚ ਕਈ ਦਹਾਕਿਆਂ ਤੋਂ ਹਨ। ਸਟੇਟ ਐਂਡ ਸੈਂਟਰਲ ਟੈਕਸਜ਼ ਅਤੇ ਲੀਵਾਇਸ 'ਤੇ ਕਟੌਤੀ ਬਾਰੇ ਮੁੱਦੇ 'ਤੇ ਜ਼ੋਰ ਦਿੰਦਿਆਂ ਵਿਨੀ ਮਹਾਜਨ ਨੇ ਕਿਹਾ ਕਿ ਉਕਤ ਸਕੀਮ ਅਧੀਨ ਮਿਲਦੇ ਫ਼ਾਇਦੇ ਨੂੰ ਕਲੇਮ ਕਰਨ ਲਈ ਆਨਲਾਈਨ ਪ੍ਰਣਾਲੀ ਅਜੇ ਤਕ ਮੁਹਈਆ ਨਹੀਂ ਕਰਵਾਈ ਗਈ ਅਤੇ ਕਾਫ਼ੀ ਬਕਾਏ ਬਾਕੀ ਹਨ। ਉਨ੍ਹਾਂ ਮੰਤਰਾਲੇ ਨੂੰ ਇਸ ਦੇ ਜਲਦੀ ਹੱਲ ਲਈ ਬੇਨਤੀ ਕੀਤੀ।