
ਜੇ ਬਠਿੰਡਾ ਥਰਮਲ ਪਲਾਂਟ ਢਾਹਿਆ ਤਾਂ ਸਰਕਾਰ ਢਾਹ ਦੇਣਗੇ ਪੰਜਾਬ ਦੇ ਲੋਕ : 'ਆਪ'
ਚੰਡੀਗੜ੍ਹ, 12 ਸਤੰਬਰ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਬਠਿੰਡਾ ਥਰਮਲ ਪਲਾਂਟ ਦੀ ਹੋਂਦ ਮਿਟਾਉਣ 'ਤੇ ਤੁਲੀ ਅਮਰਿੰਦਰ ਸਿੰਘ ਸਰਕਾਰ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਸਰਕਾਰ ਨੇ ਲੈਂਡ ਮਾਫ਼ੀਆ ਦੇ ਹਿਤ ਪੂਰਦਿਆਂ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਗੁਸਤਾਖ਼ੀ ਕੀਤੀ ਤਾਂ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਢਾਹ ਦੇਣਗੇ।
ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀ 'ਆਪ' ਦੇ ਵਿਧਾਇਕ ਪ੍ਰਿੰਸੀਪਲ ਬੁਧਰਾਮ, ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਰੁਪਿੰਦਰ ਕੌਰ ਰੁਬੀ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ, 1969 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਥਰਮਲ ਪਲਾਂਟ ਸਥਾਪਤ ਕੀਤਾ ਗਿਆ ਸੀ, ਪ੍ਰੰਤੂ ਬਾਦਲ ਸਰਕਾਰ ਦੀਆਂ ਜਨਤਕ (ਪਬਲਿਕ) ਸੈਕਟਰ ਵਿਰੋਧੀ ਨੀਤੀਆਂ ਨੂੰ ਹੋਰ ਤੇਜੀ ਨਾਲ ਲਾਗੂ ਕਰਨ 'ਚ ਜੁਟੀ ਅਮਰਿੰਦਰ ਸਿੰਘ ਸਰਕਾਰ ਨੇ ਅਪਣੇ ਚੋਣ ਵਾਅਦੇ ਤੋਂ ਮੁਕਰ ਕੇ ਹੁਣ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀ ਪ੍ਰਕਿਰਿਆ
ਸ਼ੁਰੂ ਕਰ ਦਿਤੀ ਹੈ, ਜਦਕਿ ਸਰਕਾਰ ਦੀ ਅਪਣੀ ਊਰਜਾ ਵਿਕਾਸ ਏਜੰਸੀ (ਪੇਡਾ), ਥਰਮਲ ਦੇ ਬੋਰਡ ਆਫ਼ ਡਾਇਰੈਕਟਰਜ ਅਤੇ ਬਿਜਲੀ ਬੋਰਡ ਦੇ ਮਾਹਰ ਇੰਜੀਨੀਅਰਾਂ 'ਤੇ ਅਧਾਰਤ ਜਥੇਬੰਦੀਆਂ ਨੇ ਤਜਵੀਜ਼ ਦਿਤੀ ਸੀ ਕਿ 2031 ਤਕ ਚੱਲ ਸਕਦੇ ਬਠਿੰਡਾ ਥਰਮਲ ਪਲਾਂਟ ਦੇ ਕੋਲਾ ਅਧਾਰਿਤ ਯੂਨਿਟਾਂ ਨੂੰ ਬੰਦ ਹੀ ਕਰਨਾ ਹੈ ਤਾਂ ਇਹ ਪਰਾਲੀ 'ਤੇ ਚਲਾਏ ਜਾ ਸਕਦੇ ਹਨ। ਸੈਂਕੜੇ ਇਸੇ ਤਰ੍ਹਾਂ ਸੁਆਹ (ਰਾਖ) ਸੁੱਟਣ ਲਈ ਖ਼ਾਲੀ ਪਈ ਸੈਂਕੜੇ ਏਕੜ ਜ਼ਮੀਨ 'ਤੇ ਸੋਲਰ ਪਾਵਰ ਪਲਾਂਟ ਲਗਾਇਆ ਜਾ ਸਕਦਾ ਹੈ, ਪ੍ਰੰਤੂ ਅਮਰਿੰਦਰ ਸਿੰਘ ਸਰਕਾਰ ਨੇ ਇਨ੍ਹਾਂ ਲਾਹੇਵੰਦ ਤਜਵੀਜ਼ਾਂ ਰੱਦੀ ਦੀ ਟੋਕਰੀ 'ਚ ਸੁੱਟ ਕੇ ਮੁੰਬਈ ਦੀ ਇਕ ਕੰਪਨੀ ਨੂੰ 164 ਕਰੋੜ ਰੁਪਏ 'ਚ ਬਠਿੰਡਾ ਥਰਮਲ ਪਲਾਂਟ ਢਾਹੁਣ ਦਾ ਠੇਕਾ ਦੇ ਦਿਤਾ ਹੈ।
'ਆਪ' ਵਿਧਾਇਕਾਂ ਨੇ ਸਰਕਾਰ ਦੀ ਇਸ ਪ੍ਰਕਿਰਿਆ ਦਾ ਵਿਰੁਧ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੰਦੇ ਹੋਏ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਬੇ ਨਾਨਕ ਨੂੰ ਸਮਰਪਤ ਬਠਿੰਡਾ ਦੀ ਇਸ ਅਨਮੋਲ ਵਿਰਾਸਤ ਨੂੰ ਬਚਾਉਣ ਲਈ ਸਾਰੇ ਇਕਜੁੱਟ ਹੋਣ ਅਤੇ ਸਰਕਾਰ ਨੂੰ ਫ਼ੈਸਲਾ ਵਾਪਸ ਲੈਣ ਲਈ ਮਜਬੂਰ ਕਰਨ।
ਆਪ' ਵਿਧਾਇਕਾਂ ਦੀ ਅਪੀਲ, ਬਾਬੇ ਨਾਨਕ ਨੂੰ ਸਮਰਪਤ ਬਠਿੰਡਾ ਦੀ ਵਿਰਾਸਤ ਬਚਾਉਣ ਲਈ ਇਕਜੁਟ ਹੋਵੇ ਜਨਤਾ
image