
ਕੇਂਦਰ ਵਲੋਂ ਵਿਆਹ-ਸ਼ਾਦੀਆਂ ਕਰਨ ’ਤੇ ਜੀ.ਐਸ.ਟੀ. ਲਗਾਉਣ ਦੀ ਤਿਆਰੀ
ਵਿਆਹ ਦੇ 5 ਲੱਖ ਰੁਪਏ ਦੇ ਬਜਟ ’ਤੇ ਹੁਣ ਦੇਣਾ ਪਵੇਗਾ 96 ਹਜ਼ਾਰ ਰੁਪਏ ਜੀ.ਐਸ.ਟੀ.
ਪਟਿਆਲਾ, 12 ਸਤੰਬਰ (ਰਜਿੰਦਰ ਸਿੰਘ ਥਿੰਦ) : ਕੇਂਦਰ ਸਰਕਾਰ ਵਲੋਂ ਪਟਰੌਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਕਾਰਨ ਜਿਥੇ ਦੇਸ਼ ਵਾਸੀ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਅਪਣਾ ਜੀਵਨ ਬਸਰ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰ ਰਹੇ ਹਨ, ਉਥੇ ਹੁਣ ਕੇਂਦਰ ਸਰਕਾਰ ਵਲੋਂ ਅਗਲੇ ਦਿਨਾਂ ਅੰਦਰ ਵਿਆਹ ਸ਼ਾਦੀਆਂ ਕਰਨ ’ਤੇ ਜੀ.ਐਸ.ਟੀ. ਲਗਾਉਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ 5 ਲੱਖ ਰੁਪਏ ਵਾਲੇ ਵਿਆਹ ਦੇ ਬਜਟ ਉਤੇ ਹੁਣ ਸਰਕਾਰ ਨੂੰ 96 ਹਜ਼ਾਰ ਰੁਪਏ ਬਤੌਰ ਜੀ.ਐਸ.ਟੀ. ਵਜੋਂ ਦੇਣੇ ਪੈਣਗੇ। ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਵਿਆਹਾਂ ਦੇ ਸੀਜ਼ਨ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਵਿਆਹ ਬੁਕਿੰਗ ਕਰਨ ਵਾਲੇ ਮੈਰਿਜ ਪੈਲੇਸ ਮਾਲਕ, ਹਲਵਾਈ ਬੁਕਿੰਗ ਦੇ ਨਾਲ ਐਸਟੀਮੇਟ ਮੁਤਾਬਕ ਬਣਦਾ ਜੀ.ਐਸ.ਟੀ. ਜਮ੍ਹਾਂ ਕਰਵਾਉਣ ਲਈ ਲੋਕਾਂ ਨੂੰ ਕਹਿ ਰਹੇ ਹਨ।