
ਕਰ ਵਿਭਾਗ ਦੇ ਇਨਫ਼ੋਰਸਮੈਂਟ ਵਿੰਗ ਵਲੋਂ ਵਸੂਲੀ ਵਿਚ 63.7 ਫ਼ੀ ਸਦੀ ਵਾਧਾ ਦਰਜ : ਹਰਪਾਲ ਸਿੰਘ ਚੀਮਾ
ਟੈਕਸ ਚੋਰੀ ਕਰਨ ਵਾਲਿਆਂ ਵਿਰੁਧ ਚੁਕੇ ਸਖ਼ਤ ਕਦਮ
ਚੰਡੀਗੜ੍ਹ, 12 ਸਤੰਬਰ (ਭੁੱਲਰ) : ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦਸਿਆ ਕਿ ਕਰ ਵਿਭਾਗ ਦੇ ਇਨਫ਼ੋਰਸਮੈਂਟ ਵਿੰਗ (ਸਟੇਟ ਜੀ.ਐਸ.ਟੀ.) ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ 101.38 ਕਰੋੜ ਰੁਪਏ ਦੀ ਵਸੂਲੀ ਦੇ ਨਾਲ 63.7 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਹੈ ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 61.92 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਸੀ |
ਇਹ ਪ੍ਰਗਟਾਵਾ ਕਰਦਿਆਂ ਆਬਕਾਰੀ ਤੇ ਕਰ ਮੰਤਰੀ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਇਮਾਨਦਾਰ ਟੈਕਸਦਾਤਾਵਾਂ ਪ੍ਰਤੀ ਸਾਕਾਰਾਤਮਕ ਪਹੁੰਚ ਅਪਣਾਉਂਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ, ਜਦਕਿ ਟੈਕਸ ਚੋਰੀ ਕਰਨ ਵਾਲਿਆਂ ਵਿਰੁਧ ਸਖ਼ਤ ਕਦਮ ਚੁੱਕੇ ਗਏ ਹਨ | ਮੌਜੂਦਾ ਵਿੱਤੀ ਸਾਲ ਵਿਚ ਕੀਤੇ ਗਏ ਮੁੱਖ ਸੁਧਾਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਡਵੋਕੇਟ ਚੀਮਾ ਨੇ ਕਿਹਾ ਕਿ ਟੈਕਸ ਵਿਭਾਗ ਵਲੋਂ ਲੋਕਾਂ ਨੂੰ ਜੀਐਸਟੀ ਦੇ ਸਮੇਂ ਸਿਰ ਭੁਗਤਾਨ ਲਈ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਇਨਫ਼ੋਰਸਮੈਂਟ ਵਿੰਗ ਨੇ ਟੈਕਸ ਚੋਰੀ ਕਰਨ ਵਾਲਿਆਂ 'ਤੇ ਪੈਣੀ ਨਜ਼ਰ ਰੱਖੀ ਹੋਈ ਹੈ | ਉਨ੍ਹਾਂ ਅੱਗੇ ਕਿਹਾ ਕਿ ਵਿੰਗ ਨੇ ਹੁਣ ਤਕ ਫ਼ੀਲਡ ਰੇਕੀ ਅਤੇ ਡੇਟਾ ਮਾਈਨਿੰਗ ਦੀ ਮਦਦ ਨਾਲ ਇੱਕਲੇ ਨਿਰੀਖਣਾਂ ਵਿਚ 11 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ | ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਵਿਭਾਗ ਵਲੋਂ ਸਿਰਫ਼ 4.67 ਲੱਖ ਰੁਪਏ ਦੀ ਹੀ ਵਸੂਲੀ ਕੀਤੀ ਗਈ ਸੀ |
ਉਨ੍ਹਾਂ ਦਸਿਆ ਕਿ ਇਨਫ਼ੋਰਸਮੈਂਟ ਵਿੰਗ ਨੇ ਹੁਣ ਤਕ ਸਮਾਨ ਦੀ ਢੋਆ-ਢੁਆਈ ਸਬੰਧੀ 3191 ਮਾਮਲਿਆਂ ਵਿਚ ਜੁਰਮਾਨਾ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਇਸ ਵਿੱਤੀ ਸਾਲ ਦੌਰਾਨ 90.40 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ 2235 ਮਾਮਲਿਆਂ ਵਿਚ 61.80 ਕਰੋੜ ਰੁਪਏ ਦੀ ਆਮਦਨ ਹੋਈ ਸੀ | ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦਸਿਆ ਕਿ ਰਾਜ ਅਤੇ ਕੇਂਦਰੀ ਜੀਐਸਟੀ ਅਥਾਰਟੀਆਂ ਵਿਚਕਾਰ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਇਨਫ਼ੋਰਸਮੈਂਟ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਹੋਈ ਹੈ |