ਨਸ਼ਾ ਤਸਕਰਾਂ ਦੀ 1,34,123 ਰੁਪਏ ਦੀ ਪ੍ਰਾਪਰਟੀ ਜ਼ਬਤ
ਰੋਪੜ: ਨਸ਼ਾ ਤਸਕਰਾਂ ਨੂੰ ਲੈ ਕੇ ਰੋਪੜ ਪੁਲਿਸ ਸਖ਼ਤ ਹੋ ਗਈ ਹੈ। ਰੋਪੜ ਪੁਲਿਸ ਨੇ ਦੇ ਡੀਆਈਜੀ ਨਿਲਾਂਬਰੀ ਜਗਦਲੇ ਵੱਲੋਂ ਨਸ਼ੇ ਦੇ ਖਾਤਮੇ ਲਈ 17 ਜੂਨ, 2024 ਤੋਂ ਸਪੈਸ਼ਲ ਮੁਹਿੰਮ ਆਰੰਭੀ ਹੋਈ ਹੈ, ਜਿਸ ਤਹਿਤ 211 ਕੇਸਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
211 ਕੇਸ ਕੀਤੇ ਦਰਜ
ਵਧੇਰੇ ਜਾਣਕਾਰੀ ਦਿੰਦਿਆਂ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਰੋਪੜ ਰੇਂਜ ਦੇ ਜ਼ਿਲ੍ਹਿਆਂ ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਨਸ਼ਿਆਂ ਦੇ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ 211 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 296 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਕਰੀਬ 381 ਕਿਲੋ 770 ਗ੍ਰਾਮ ਭੁੱਕੀ, 44 ਕਿਲੋ 167 ਗ੍ਰਾਮ ਅਫੀਮ, 13 ਗ੍ਰਾਮ 10 ਮਿਲੀਗ੍ਰਾਮ ਸਮੈਕ, 963 ਗ੍ਰਾਮ ਨਸ਼ੀਲਾ ਪਾਊਡਰ, 14507 ਨਸ਼ੀਲੀਆਂ ਗੋਲੀਆਂ, 1 ਕਿਲੋ 746 ਗ੍ਰਾਮ ਚਰਸ, 1 ਕਿਲੋ 397 ਗ੍ਰਾਮ 75 ਮਿਲੀਗ੍ਰਾਮ ਹੈਰੋਇਨ, 50 ਨਸ਼ੀਲੀ ਦਵਾਈ ਦੀਆਂ ਬੋਤਲਾਂ, 61 ਕਿਲੋ 347 ਗ੍ਰਾਮ ਗਾਂਜਾ, 3281 ਨਸ਼ੀਲੇ ਇੰਜੈਕਸ਼ਨ ਅਤੇ 3,95,450-/ ਡਰੱਗ ਮਨੀ ਵਗੈਰਾ ਦੀ ਰਿਕਵਰੀ ਕੀਤੀ ਗਈ ਹੈ।
ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਸੀਲ
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ 42,00,000 ਰੁਪਏ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕਰਵਾਉਣ ਲਈ ਸਮਰੱਥ ਅਥਾਰਟੀ ਨੂੰ ਕੇਸ ਭੇਜੇ ਗਏ ਹਨ ਅਤੇ ਨਸ਼ਾ ਤਸਕਰਾਂ ਦੀ 1,34,123/-ਰੁਪਏ ਦੀ ਪ੍ਰਾਪਰਟੀ ਜ਼ਬਤ ਕਰਵਾਈ ਗਈ ਹੈ। ਡੀ ਆਈ ਜੀ ਅਨੁਸਾਰ ਐਨ.ਡੀ.ਪੀ.ਐਸ ਦੇ ਜੋ ਦੋਸ਼ੀ ਜਮਾਨਤਾਂ ਲੈਣ ਉਪਰੰਤ ਸਬੰਧਤ ਅਦਾਲਤਾਂ ਵਿੱਚ ਹਾਜ਼ਰ ਨਹੀਂ ਹੋ ਰਹੇ, ਉਨ੍ਹਾਂ ਦੀਆਂ ਜ਼ਮਾਨਤਾਂ ਕੈਂਸਲ ਕਰਵਾਉਣ ਲਈ ਵੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।