Patiala News : 2014 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
Published : Sep 13, 2024, 4:33 pm IST
Updated : Sep 13, 2024, 4:33 pm IST
SHARE ARTICLE
Dr. Preeti Yadav DC of Patiala
Dr. Preeti Yadav DC of Patiala

ਜ਼ਿਲ੍ਹੇ ਦੇ ਸੁਧਾਰ ਲਈ ਲੋਕਾਂ ਨੂੰ ਸੁਝਾਉ ਦੇਣ ਦਾ ਦਿੱਤਾ ਖੁੱਲ੍ਹਾ ਸੱਦਾ

Patiala News : 2014 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਡਾ. ਪ੍ਰੀਤੀ ਯਾਦਵ ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸ਼ੌਕਤ ਅਹਿਮਦ ਪਰੇ ਦੀ ਜਗ੍ਹਾ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਦੀ ਬਦਲੀ ਡੀ.ਸੀ. ਬਠਿੰਡਾ ਵਜੋਂ ਹੋਈ ਹੈ।  

ਡਾ. ਪ੍ਰੀਤੀ ਯਾਦਵ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ 'ਪਟਿਆਲਾ ਜ਼ਿਲ੍ਹਾ ਉਨ੍ਹਾਂ ਲਈ ਨਵਾਂ ਨਹੀਂ ਹੈ ਕਿਉਂਕਿ ਉਹ ਪਹਿਲਾਂ ਵੀ ਇੱਥੇ ਬਤੌਰ ਏ.ਡੀ.ਸੀ. ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਹ ਜ਼ਿਲ੍ਹੇ ਬਾਰੇ ਚੰਗੀ ਤਰ੍ਹਾਂ ਜਾਣੂ ਹਨ।' ਡਾ. ਯਾਦਵ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਦੁਬਾਰਾ ਪਟਿਆਲਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਨ੍ਹਾਂ ਦੀ ਇਹ ਮੁੱਖ ਤਰਜੀਹ ਰਹੇਗੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਲੋਕਾਂ ਦੀ ਮੰਗਾਂ ਨੂੰ ਸਮਝਕੇ ਜ਼ਿਲ੍ਹੇ ਦਾ ਵਿਕਾਸ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੋਕਾਂ ਲਈ ਹੇਠਲੇ ਪੱਧਰ ਤੱਕ ਪੁੱਜਦਾ ਕੀਤਾ ਜਾਵੇ।

ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਜ਼ਿਲ੍ਹੇ ਵਿੱਚ ਹੋਰ ਸੁਧਾਰ ਲਿਆਉਣ ਲਈ ਆਪਣੇ ਸੁਝਾਉ ਉਨ੍ਹਾਂ ਨੂੰ ਦੇਣ ਤਾਂ ਕਿ ਜ਼ਿਲ੍ਹੇ ਨੂੰ ਹੋਰ ਅੱਗੇ ਬੁਲੰਦੀਆਂ 'ਤੇ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁਧਾਰ ਲਈ ਸੁਝਾਓ ਡਿਪਟੀ ਕਮਿਸ਼ਨਰ ਦਫ਼ਤਰ ਦੀ ਈ.ਮੇਲ dc.ptl@punjab.gov.in ਉਪਰ ਭੇਜੇ ਜਾ ਸਕਦੇ ਹਨ, ਉਹ ਆਪਣੀ ਈਮੇਲ ਖ਼ੁਦ ਦੇਖਦੇ ਹਨ ਅਤੇ ਆਏ ਸੁਝਾਵਾਂ ਉਪਰ ਤੁਰੰਤ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਤਕਲੀਫ਼ ਜਾਂ ਕਿਸੇ ਸਰਕਾਰੀ ਦਫ਼ਤਰ ਨਾਲ ਸਬੰਧਤ ਕੋਈ ਮੁਸ਼ਕਿਲ ਹੈ, ਤਾਂ ਉਸ ਦੇ ਹੱਲ ਲਈ ਵੀ ਲੋਕਾਂ ਲਈ ਉਨ੍ਹਾਂ ਦਾ ਦਫ਼ਤਰ ਸਦਾ ਖੁੱਲ੍ਹਾ ਹੈ।

ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਿਆ-ਭਰਿਆ ਬਣਾਕੇ ਇਸ ਦਾ ਬਹੁਪੱਖੀ ਵਿਕਾਸ ਉਲੀਕਿਆ ਗਿਆ ਹੈ ਤਾਂ ਕਿ ਵੱਧ ਰਹੀ ਤਪਸ਼ ਨੂੰ ਵੀ ਘਟਾਇਆ ਜਾ ਸਕੇ। ਇਸ ਲਈ ਵਿਕਾਸ ਦੇ ਨਾਲ-ਨਾਲ ਮੌਜੂਦਾ ਹਰਿਆਵਲ ਨੂੰ ਬਚਾਅ ਕੇ ਵੱਧ ਤੋਂ ਵੱਧ ਰੁੱਖ ਹੋਰ ਲਗਾਉਣ ਲਈ ਹਰ ਨਾਗਰਿਕ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਨਵੇਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜਣ 'ਤੇ ਪੰਜਾਬ ਪੁਲਿਸ ਦੀ ਟੁਕੜੀ ਨੇ 'ਗਾਰਡ ਆਫ਼ ਆਨਰ' ਪੇਸ਼ ਕਰਕੇ ਸਲਾਮੀ ਦਿੱਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਅਹੁਦਾ ਛੱਡਕੇ ਜਾ ਰਹੇ ਸ਼ੌਕਤ ਅਹਿਮਦ ਪਰੇ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਵਾਲੇ ਡਾ. ਪ੍ਰੀਤੀ ਯਾਦਵ ਦਾ ਸਵਾਗਤ ਕੀਤਾ ਗਿਆ।

ਜਿਕਰਯੋਗ ਹੈ ਕਿ ਪੀ.ਜੀ.ਆਈ.ਐਮ.ਐਸ. ਰੋਹਤਕ ਤੋਂ ਡੈਂਟਲ ਵਿਸ਼ੇ 'ਚ ਗ੍ਰੈਜੂਏਟ, ਡਾ. ਪ੍ਰੀਤੀ ਯਾਦਵ, ਆਮ ਲੋਕਾਂ ਤੇ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਣ ਸਮੇਤ ਕੰਮ ਪ੍ਰਤੀ ਵਚਨਬੱਧਤਾ ਅਤੇ ਤੁਰੰਤ ਫੈਸਲੇ ਲੈਣ ਲਈ ਜਾਣੇ ਜਾਂਦੇ ਹਨ। ਵਾਤਾਵਰਣ ਸੰਭਾਲ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਕੇ ਪਰਾਲੀ ਨਾ ਸਾੜਨ ਲਈ ਵੀ ਪ੍ਰੇਰਤ ਕਰਨਾ ਅਤੇ ਜਮੀਨੀ ਪੱਧਰ 'ਤੇ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜਕੇ ਕੰਮ ਕਰਨਾ ਵੀ ਉਨ੍ਹਾਂ ਨੂੰ ਪਸੰਦ ਹੈ।

ਡਾ. ਪ੍ਰੀਤੀ ਯਾਦਵ ਵੱਲੋਂ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲੇ ਜਾਣ ਮੌਕੇ ਐਸ.ਐਸ.ਪੀ. ਡਾ. ਨਾਨਕ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ, ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ, ਏ.ਡੀ.ਸੀ. (ਜ) ਕੰਚਨ, ਏ.ਡੀ.ਸੀ. (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ, ਏ.ਐਸ.ਪੀ. (ਸਿਟੀ-1) ਵੈਭਵ ਚੌਧਰੀ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਪੀਡੀਏ ਦੇ ਏ.ਸੀ.ਏ. ਜਸ਼ਨਪ੍ਰੀਤ ਕੌਰ, ਐਸ.ਡੀ.ਐਮਜ ਅਰਵਿੰਦ ਕੁਮਾਰ, ਰਵਿੰਦਰ ਸਿੰਘ, ਤਰਸੇਮ ਚੰਦ ਤੇ ਰਿਚਾ ਗੋਇਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਪੀਡੀਏ ਦੇ ਅਸਟੇਟ ਅਫ਼ਸਰ ਦੀਪਜੋਤ ਕੌਰ, ਡੀ.ਐਸ.ਪੀ. ਅੱਛਰੂ ਰਾਮ ਸਮੇਤ ਡੀ.ਸੀ. ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਡਾ. ਪ੍ਰੀਤੀ ਯਾਦਵ ਦਾ ਨਿੱਘਾ ਸਵਾਗਤ ਕੀਤਾ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement