
ਸਫਾਈ ਮੁਹਿੰਮ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ, ਸਫਾਈ ਲਈ ਜੇਸੀਬੀ ਮਸ਼ੀਨ ਤੇ ਟਰੈਕਟਰ ਟਰਾਲੀ ਕਰਵਾਈ ਜਾਵੇਗੀ ਮੁਹੱਈਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਵੱਡੇ ਐਲਾਨ ਕੀਤੇ ਗਏ ਹਨ। ਉਨ੍ਹਾਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਇਲਾਕਿਆਂ ’ਚੋਂ ਹੜ੍ਹਾਂ ਦਾ ਪਾਣੀ ਉਤਰ ਗਿਆ ਹੈ ਅਤੇ ਜਨ-ਜੀਵਨ ਨੂੰ ਲੀਹ ’ਤੇ ਲਿਆਉਣ ਲਈ ਅਸੀਂ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ’ਚ ਇਕ ਜੇ. ਸੀ. ਬੀ., ਟਰੈਕਟਰ-ਟਰਾਲੀ ਅਤੇ ਲੇਬਰ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਜਾਵੇਗਾ। ਜੋ ਵੀ ਹੜ੍ਹਾਂ ਨਾਲ ਰੁੜ੍ਹ ਕੇ ਆਇਆ ਹੈ, ਉਸ ਮਲਬੇ ਨੂੰ ਸਾਫ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਹਰੇਕ ਪਿੰਡ ’ਚ ਫੌਗਿੰਗ ਕਰਵਾਈ ਜਾਵੇਗੀ ਤਾਂ ਜੋ ਕੋਈ ਬੀਮਾਰੀ ਨਾ ਫੈਲੇ। ਇਸ ਮੁਹਿੰਮ ਲਈ ਸਰਕਾਰ ਨੇ 100 ਕਰੋੜ ਰੁਪਿਆ ਰੱਖਿਆ ਹੈ, ਜਿਹਦੇ ’ਚੋਂ ਇਕ-ਇਕ ਲੱਖ ਪਿੰਡਾਂ ਨੂੰ ਟੋਕਨ ਦੇ ਤੌਰ ’ਤੇ ਦਿੱਤਾ ਜਾਵੇਗਾ ਅਤੇ ਜਿਵੇਂ-ਜਿਵੇਂ ਲੋੜ ਪਵੇਗੀ, ਪਿੰਡਾਂ ਨੂੰ ਪੈਸੇ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ ਦਾ ਸਾਰਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਅਤੇ 24-25 ਸਤੰਬਰ ਤੱਕ ਮਿੱਟੀ ਅਤੇ ਮਲਬੇ ਨੂੰ ਸਾਫ਼ ਕਰਨ ਦਾ ਕੰਮ ਨਿਬੇੜ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 15 ਅਕਤੂਬਰ ਤੱਕ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਕੁਦਰਤੀ ਆਫ਼ਤ ਦੇ ਖ਼ਿਲਾਫ਼ ਲੜੇ ਹਾਂ ਅਤੇ ਹੁਣ ਵੀ ਮੁੜ ਕੇ ਪੰਜਾਬ ਨੂੰ ਖੜ੍ਹਾ ਕਰਨਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਵਲੋਂ ਸਾਰੇ ਪ੍ਰਭਾਵਿਤ 2300 ਪਿੰਡਾਂ ’ਚ ਮੈਡੀਕਲ ਕੈਂਪ ਲਾਏ ਜਾਣਗੇ। 1707 ਪਿੰਡਾਂ ’ਚ ਸਾਂਝੀਆਂ ਥਾਵਾਂ ’ਤੇ ਜਿੱਥੇ ਪਿੰਡ ਵਾਲੇ ਕਹਿਣਗੇ, ਉੱਥੇ ਮੈਡੀਕਲ ਸਟਾਫ਼ ਅਤੇ ਡਾਕਟਰ ਹਰ ਸਮੇਂ ਮੁਹੱਈਆ ਰਹਿਣਗੇ। 550 ਐਂਬੂਲੈਂਸਾਂ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ 713 ਪਿੰਡਾਂ ’ਚ ਕਰੀਬ ਢਾਈ ਲੱਖ ਦੇ ਆਸ-ਪਾਸ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹਨ।
ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਰਕਾਰ ਨੇ ਹਰੇਕ ਪਿੰਡ ’ਚ ਵੈਟਰਨਰੀ ਡਾਕਟਰਾਂ ਦੀ ਟੀਮ ਤਾਇਨਾਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਝੋਨਾ 15 ਦਿਨ ਪਹਿਲਾਂ ਹੀ ਮੰਡੀਆਂ ’ਚ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਸੀਂ ਇਸ ਸੰਕਟ ’ਚੋਂ ਬੜੀ ਜਲਦੀ ਨਿਕਲ ਕੇ ਆਪਣੇ ਆਮ ਹਾਲਾਤਾਂ ’ਚ ਆ ਜਾਵਾਂਗੇ। ਉਨ੍ਹਾਂ ਕਿਹਾ ਕਿ ਜਿਹੜਾ ਸਰਕਾਰੀ ਤੰਤਰ ਦਾ ਨੁਕਸਾਨ ਹੋਇਆ ਹੈ, ਉਸ ਦਾ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਪਸ਼ੂਆਂ ਅਤੇ ਇਨਸਾਨਾਂ ’ਚ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਫੈਲੇ, ਇਸ ਲਈ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਮੈਡੀਕਲ ਕੈਂਪ ਸ਼ੁਰੂ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਲੋਕਲ ਅਧਿਕਾਰੀਆਂ ਨਾਲ ਸੰਪਰਕ ਕਰੇ।