
ਸੋਸ਼ਲ ਮੀਡੀਆ 'ਤੇ ਕੈਗ ਦੀ ਰਿਪੋਰਟ ਕੀਤੀ ਸਾਂਝੀ
ਚੰਡੀਗੜ੍ਹ : ਪੰਜਾਬ 'ਚ ਐੱਸ.ਡੀ.ਆਰ.ਐੱਫ. ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ.ਡੀ.ਆਰ.ਐੱਫ.) ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੈਗ ਦੀ ਰਿਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ 31 ਮਾਰਚ, 2023 ਤੱਕ ਪੰਜਾਬ ਨੂੰ 9041.74 ਕਰੋੜ ਰੁਪਏ ਐੱਸ.ਡੀ.ਆਰ.ਐੱਫ. ਦੇ ਮਿਲੇ ਸਨ ਅਤੇ ਅਗਲੇ 3 ਸਾਲਾਂ ਦੇ ਪੈਸੇ ਮਿਲਾ ਕੇ ਕੁੱਲ 12,000 ਕਰੋੜ ਰੁਪਏ ਪੰਜਾਬ ਨੂੰ ਮਿਲੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਇਸ ਪੈਸੇ ਦਾ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਬਾਅਦ 23-24, 24-25 ਅਤੇ 25-26 ਦੇ ਫੰਡ ਆਏ ਸਨ, ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜ਼ਾਰ ਕਰੋੜ ਬਣਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ 'ਚ ਦੱਬੀ ਜ਼ੁਬਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਅਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗ ਲਵੋ ਅਤੇ ਇਸ ਰਕਮ ਦਾ ਢੁੱਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਲਈ ਕਰੋ।