
24 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਪ੍ਰਵਾਰ ਨੂੰ ਭਾਈ ਰਾਜੋਆਣਾ ਦੀ ਉਡੀਕ
ਪਟਿਆਲਾ (ਰਾਓਵਰਿੰਦਰ ਸਿੰਘ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਅਨੇਕਾਂ ਸਿੱਖ ਕੈਦੀਆਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਵੀ ਸ਼ਾਮਲ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਵਲੋਂ ਸਜ਼ਾ ਮਾਫ਼ੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਦਸਿਆ ਜਾ ਰਿਹਾ ਹੈ। ਬੀਬੀ ਕਮਲਦੀਪ ਕੌਰ ਪਟਿਆਲਾ ਦੀ ਕੇਂਦਰੀ ਜੇਲ ਵਿਚ ਬੰਦ ਅਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਪਟਿਆਲਾ ਪਹੁੰਚੇ ਸਨ।
Bhai Balwant Singh Rajoana
ਜੇਲ ਵਿਚ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਕਮਲਦੀਪ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫ਼ੀ ਤੇ ਖ਼ੁਸ਼ੀ ਜਤਾਈ ਅਤੇ ਆਖਿਆ ਕਿ ਉਹ ਇਸ ਨੂੰ ਬਾਬੇ ਨਾਨਕ ਦੀ ਮਿਹਰ ਵਜੋਂ ਦੇਖ ਰਹੇ ਹਨ। ਉਨ੍ਹਾਂ ਦਸਿਆ ਕਿ ਸਜ਼ਾ ਮਾਫ਼ੀ ਲਈ ਹਾਲੇ ਸਿਰਫ਼ ਐਲਾਨ ਹੀ ਹੋਇਆ ਹੈ ਜਦੋਂ ਕਿ ਅਧਿਕਾਰਕ ਤੌਰ 'ਤੇ ਕੋਈ ਵੀ ਆਦੇਸ਼ ਪਟਿਆਲਾ ਦੀ ਜੇਲ ਵਿਚ ਨਹੀਂ ਪਹੁੰਚੇ।
Sikh prisoners
ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਚੰਗਾ ਫ਼ੈਸਲਾ ਦਸਦਿਆਂ ਬੀਬੀ ਕਮਲਦੀਪ ਕੌਰ ਨੇ ਆਖਿਆ ਕਿ ਹੁਣ ਕੇਂਦਰ ਵਲੋਂ ਆਉਣ ਵਾਲੀ ਸਜ਼ਾ ਮਾਫ਼ੀ ਦੇ ਆਦੇਸ਼ਾਂ ਦਾ ਇੰਤਜ਼ਾਰ ਕਰ ਰਹੇ ਹਨ। ਬੀਬੀ ਕਮਲਦੀਪ ਕੌਰ ਨੇ ਆਖਿਆ ਕਿ ਬਲਵੰਤ ਸਿੰਘ ਰਾਜੋਆਣਾ ਪਿਛਲੇ ਚੌਵੀਂ ਸਾਲਾਂ ਤੋਂ ਅਪਣੇ ਪ੍ਰਵਾਰ ਤੋਂ ਦੂਰ ਜੇਲ ਵਿਚ ਰਹਿੰਦੇ ਆ ਰਹੇ ਹਨ ਅਤੇ ਹੁਣ ਜਦੋਂ ਸਜ਼ਾ ਮਾਫ਼ੀ ਤੋਂ ਬਾਅਦ ਉਹ ਦੁਬਾਰਾ 24 ਸਾਲ ਬਾਅਦ ਅਪਣੇ ਘਰ ਪਹੁੰਚਣਗੇ ਤਾਂ ਉਹ ਪਲ ਉਨ੍ਹਾਂ ਦੀ ਜ਼ਿੰਦਗੀ ਦੇ ਸੱਭ ਤੋਂ ਖ਼ੁਸ਼ੀ ਵਾਲੇ ਪਲ ਬਣ ਜਾਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ