
ਆਂਗਨਵਾੜੀ ਵਰਕਰਾਂ-ਹੈਲਪਰਾਂ ਨੇ ਸਿਖਿਆ ਮੰਤਰੀ ਦੇ ਘਰ ਦਾ ਕੀਤਾ ਘਿਰਾਉ
ਸੰਗਰੂਰ, 12 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਸਰਕਾਰ ਨੇ 23 ਸਤੰਬਰ 2020 ਨੂੰ ਜੋ ਆਂਗਨਵਾੜੀਆਂ ਨੂੰ ਉਜਾੜਨ ਦਾ ਫ਼ੈਸਲਾ ਲਿਆ ਹੈ। ਉਸ ਕਾਰਨ ਆਂਗਨਵਾੜੀ ਵਰਕਰਾਂ ਹੈਲਪਰਾਂ ਵਿਚ ਤਿੱਖਾ ਰੋਸ ਹੈ ਅਤੇ ਅਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸੰਗਰੂਰ, ਪਟਿਆਲਾ, ਲੁਧਿਆਣਾ, ਬਰਨਾਲਾ, ਮਾਨਸਾ, ਮੋਗਾ, ਮੁਕਤਸਰ, ਬਠਿੰਡਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਮੋਹਾਲੀ ਜ਼ਿਲ੍ਹਿਆਂ ਤੋਂ ਅਪਣੇ ਅਪਣੇ ਆਗੂਆਂ ਦੀ ਅਗਵਾਈ ਵਿਚ ਇਕੱਠੇ ਹੋ ਕੇ ਦਸ ਹਜ਼ਾਰ ਤੋਂ ਵੱਧ ਦੀ ਗਿਣਤੀ ਵਿਚ ਬੈਨਰ ਅਤੇ ਆਕਾਸ਼ ਗੁੰਜਾਊ ਨਾਹਰਿਆਂ ਦੇ ਨਾਲ ਰੈਲੀ ਵਿਚ ਸ਼ਾਮਲ ਹੋਏ ਅਤੇ ਸਿਖਿਆ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੁੱਲ ਹਿੰਦ ਆਂਗਨਵਾੜੀ ਵਰਕਰ ਹੈਲਪਰ ਫ਼ੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਏਆਰ ਸਿੰਧੂ ਅਤੇ ਕੌਮੀ ਪ੍ਰਧਾਨ ਕਾਮਰੇਡ ਊਸ਼ਾ ਰਾਣੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਪਹਿਲਾਂ ਅਕਾਲੀ ਦਲ ਬਾਦਲ ਅਤੇ ਹੁਣ ਕਾਂਗਰਸ ਸਰਕਾਰ ਆਂਗਨਵਾੜੀ ਕੇਂਦਰਾਂ ਦੇ ਉਜਾੜੇ ਉੱਤੇ ਲੱਗੇ ਹੋਏ ਹਨ। ਪਹਿਲਾਂ ਤਿੰਨ ਤੋਂ ਛੇ ਸਾਲ ਦੇ ਬੱਚੇ ਸਕੂਲਾਂ ਵਿਚ ਭੇਜਣ ਦਾ 20 ਸਤੰਬਰ 2017 ਨੂੰ ਫ਼ੈਸਲਾ ਲਿਆ ਗਿਆ ਅਤੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਲਹੂ ਵੀਟਵੇਂ ਸੰਘਰਸ਼ ਸਦਕਾ 26 ਨਵੰਬਰ 2017 ਨੂੰ ਮੁੜ ਫ਼ੈਸਲਾ ਲੈਂਦੇ ਹੋਏ। ਆਂਗਣਵਾੜੀ ਕੇਂਦਰਾਂ ਨੂੰ ਬੱਚੇ ਮੋੜਨ ਦਾ ਫ਼ੈਸਲਾ ਹੋਇਆ ਸੀ ਪਰ ਅਜੇ ਵੀ ਸਿਖਿਆ ਮਹਿਕਮੇ ਦੀ ਨਿਗਾ ਆਂਗਨਵਾੜੀ ਕੇਂਦਰਾਂ ਉੱਤੇ ਹੀ ਲੱਗੀ ਹੋਈ ਹੈ ਅਤੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਵਾਪਸ ਨਾ ਲੈ ਕੇ, ਮੁੜ ਤੋਂ ਪੰਜਾਬ ਦੀ ਕੈਬਨਿਟ ਵਿਚ ਪ੍ਰੀ ਪ੍ਰਾਇਮਰੀ ਨੂੰ ਲੈ ਕੇ ਫ਼ੈਸਲਾ ਸੁਣਾ ਦਿਤਾ ਗਿਆ। ਜਿਸ ਦੀ ਜ਼ਿੰਮੇਵਾਰ ਅਸੀਂ ਪੰਜਾਬ ਸਰਕਾਰ ਅਤੇ ਸਿਖਿਆ ਮੰਤਰੀ ਵਿਜੇਇੰਦਰ ਸ਼ਿਗਲਾ ਨੂੰ ਮੰਨਦੇ ਹਾਂ ਜਿਨ੍ਹਾਂ ਨੇ ਇਕਤਰਫਾ ਫ਼ੈਸਲਾ ਲਿਆ।image
ਫੋਟੋ ਨੰ. 12 ਐਸ ਐਨ ਜੀ 36