
ਜੰਤਰ-ਮੰਤਰ ਦੇ ਪ੍ਰਦਰਸ਼ਨ ਵਿਚ ਪਹੁੰਚੇ ਅਰਵਿੰਦ ਕੇਜਰੀਵਾਲ, ਭਾਜਪਾ 'ਤੇ ਸਾਧੇ ਤਿੱਖੇ ਨਿਸ਼ਾਨੇ
ਭਗਵੰਤ ਮਾਨ ਸਣੇ ਕਈ ਆਗੂ ਗ੍ਰਿਫ਼ਤਾਰ
ਨਵੀਂ ਦਿੱਲੀ, 12 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦੇ ਕਿਸਾਨਾਂ ਨੂੰ ਖੇਤ ਛੱਡ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਖੇਤੀਬਾੜੀ ਕਾਨੂੰਨਾਂ ਵਿਰੁਧ ਆਯੋਜਿਤ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕਿਸਾਨ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ, ਜਦੋਂ ਕਿ ਇਹ ਝੋਨਾ ਕੱਟਣ ਦਾ ਸਮਾਂ ਹੈ। ਉਨ੍ਹਾਂ ਨੇ ਕਿਹਾ ਅੱਜ ਦੁਖ ਦੇ ਮੌਕੇ 'ਤੇ ਪ੍ਰਦਰਸ਼ਨ ਕਰਨ ਆਏ ਹਾਂ। ਖੇਤੀਬਾੜੀ ਕਾਨੂੰਨ ਰਾਹੀਂ ਸਰਕਾਰ ਖੇਤੀ ਨੂੰ ਕਿਸਾਨ ਤੋਂ ਖੋਹ ਕੇ ਕੰਪਨੀਆਂ ਨੂੰ ਦੇਣਾ ਚਾਹੁੰਦੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਜਦੋਂ ਅਨਾਜ ਦੀ ਪਰੇਸ਼ਾਨੀ ਸੀ, ਉਦੋਂ ਕੰਪਨੀਆਂ ਨਹੀਂ, ਕਿਸਾਨ ਕੰਮ ਆਉਂਦਾ ਸੀ ਅਤੇ ਹਰੀ ਕ੍ਰਾਂਤੀ ਲਿਆਂਦੀ ਸੀ।
ਇਸ ਸੰਕੇਤਕ ਪਰੰਤੂ ਪ੍ਰਭਾਵਸ਼ਾਲੀ ਰੋਸ ਧਰਨੇ ਦੌਰਾਨ ਤਿੰਨੋਂ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਅਤੇ ਦਿੱਲੀ ਦੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੇ ਮੋਦੀ-ਕੈਪਟਨ ਅਤੇ ਬਾਦਲਾਂ ਵਿਰੁਧ ਨਾਹਰੇਬਾਜ਼ੀ ਕਰਦਿਆਂ
ਸੰਸਦ ਭਵਨ ਵਲ ਕੂਚ ਕੀਤਾ ਤਾਂ ਬੈਰੀਕੇਡਜ਼ (ਨਾਕੇ) 'ਤੇ ਭਾਰੀ ਗਿਣਤੀ 'ਚ ਤੈਨਾਤ ਦਿੱਲੀ ਪੁਲਿਸ ਨੇ ਰੋਕ ਲਿਆ। ਤਕੜੀ ਖਿੱਚੋਤਾਣ ਦੌਰਾਨ 'ਆਪ' ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮ.ਐਲ.ਏ) ਸਮੇਤ ਹੋਰ ਪਾਰਟੀ ਆਗੂ ਅਤੇ ਵਲੰਟੀਅਰ ਬੈਰੀਕੇਡਜ਼ 'ਤੇ ਚੜ ਗਏ। ਜਿਸ ਉਪਰੰਤ ਭਗਵੰਤ ਮਾਨ, ਹਰਪਾਲ ਸਿੰਘ ਚੀਮਾ, ਜਰਨੈਲ ਸਿੰਘ ਸਮੇਤ ਕਰੀਬ 200 ਆਗੂਆਂ ਅਤੇ ਵਲੰਟੀਅਰਾਂ ਨੂੰ ਦਿੱਲੀ ਪੁਲਿਸ ਨੇ ਨੇੜਲੇ ਮੰਦਰ ਮਾਰਗ ਥਾਣੇ ਵਿਚ ਲੈ ਗਈ। ਜਿਥੇ ਉਨ੍ਹਾਂ ਨੂੰ ਕਰੀਬ 2 ਘੰਟੇ ਹਿਰਾਸਤ ਵਿਚ ਰੱਖ ਕੇ ਰਿਹਾਅ ਕਰ ਦਿਤਾ ਗਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਸਵਾਮੀਨਾਥਨ ਰੀਪੋਰਟ ਲਾਗੂ ਕਰਨਗੇ। ਰਿਪੋਰਟ ਕਹਿੰਦੀ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਡੇਢ ਗੁਣਾ ਹੋਵੇਗਾ ਪਰ ਚੋਣਾਂ ਜਿੱਤਣ ਤੋਂ ਬਾਅਦ ਐਮ.ਐਸ.ਪੀ. ਨੂੰ ਖ਼ਤਮ ਕਰ ਦਿਤਾ। ਹੁਣ ਉਹ ਇਹ ਕਹਿ ਰਹੇ ਹਨ ਕਿ ਪੂਰੇ ਦੇਸ਼ 'ਚ ਸਿਰਫ਼ 6 ਫ਼ੀ ਸਦੀ ਐਮ.ਐਸ.ਪੀ. ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਬਿਲ ਪਾਸ ਕਰਵਾ ਕੇ ਅਸਤੀਫ਼ਾ ਦੇ ਰਹੀ ਹੈ, ਇਹ ਅਕਾਲੀ ਅਤੇ ਕਾਂਗਰਸੀ ਨਾਟਕ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਐਮ.ਐਸ.ਪੀ. 'ਤੇ ਕਾਨੂੰਨ ਲਿਆਂਦਾ ਜਾਵੇ ਕਿ 100 ਫ਼ੀ ਸਦੀ ਫ਼ਸਲ ਐਮ.ਐਸ.ਪੀ. 'ਤੇ ਚੁੱਕੇਗੀ ਅਤੇ ਲਾਗਤ ਦਾ ਡੇਢ ਗੁਣਾ ਐਮ.ਐਸ.ਪੀ. ਦਿਤਾ ਜਾਵੇ। (ਏਜੰਸੀ)
ਡੱਬੀ
ਕੇਂਦਰ ਨੂੰ ਖੇਤੀ ਬਿਲ ਵਾਪਸ ਲੈਣੇ ਹੀ ਪੈਣਗੇ : ਮਾਨ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਭਗਵੰਤ ਮਾਨ ਸਮੇਤ ਬਾਕੀ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਭਗਵੰਤ ਮਾਨ ਨੇ ਅਪਣੇ ਜ਼ਬਰਦਸਤ ਭਾਸ਼ਣ ਦੌਰਾਨ ਕਿਹਾ ਕਿ ਉਹ ਕਿਸਾਨ ਧਰਨਿਆਂ 'ਚ ਤਸਵੀਰਾਂ ਖਿਚਵਾਉਣ ਲਈ ਨਹੀਂ ਬੈਠੇ, ਇਹ ਉਨ੍ਹਾਂ ਦਾ ਫ਼ਸਲ ਦਾ ਸੀਜ਼ਨ ਹੈ ਅਤੇ ਉਹ ਖੇਤਾਂ 'ਚ ਹੋਣ ਦੀ ਬਜਾਏ ਰੇਲਵੇ ਟਰੈਕ 'ਤੇ ਕਿਉਂ ਬੈਠੇ ਹਨ? ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਇਹ ਕਾਲੇ ਕਾਨੂੰਨ ਪੂੰਜੀਪਤੀਆਂ ਲਈ ਬਣਾਏ ਗਏ ਹਨ ਅਤੇ ਅਪਣੀਆਂ ਜ਼ਮੀਨਾਂ ਹੁੰਦੇ ਹੋਏ ਵੀ ਇਨ੍ਹਾਂ ਕਾਨੂੰਨਾਂ ਤਹਿਤ ਉਹ ਮਾਲਕ ਨਹੀਂ ਰਹਿਣਗੇ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਦਾ ਕਿਸਾਨ ਮਿੱਟੀ 'ਚੋਂ ਸੋਨਾ ਉਗਾ ਸਕਦਾ ਹੈ ਤਾਂ ਅਪਣੀ ਜ਼ਮੀਨ ਬਚਾਉਣ ਲਈ ਕੁੱਝ ਵੀ ਕਰ ਸਕਦਾ ਹੈ। ਇਸ ਲਈ ਮੋਦੀ ਸਰਕਾਰ ਨੂੰ ਹਰ ਹਾਲ 'ਚ ਕਾਨੂੰਨ ਵਾਪimageਸ ਲੈਣੇ ਹੀ ਪੈਣਗੇ।