
ਸਿਖਿਆ ਵਿਭਾਗ ਨੇ ਅਨੇਕਾਂ ਪਹਿਲਕਦਮੀਆਂ ਕਰ ਕੇ ਕੋਵਿਡ-19 ਦੀ ਚੁਨੌਤੀ ਨੂੰ ਇਕ ਮੌਕੇ ਵਿਚ ਤਬਦੀਲ ਕੀਤਾ : ਸਿਖਿਆ ਸਕੱਤਰ
ਚੰਡੀਗੜ੍ਹ, 13 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੂੰ ਪਿਛਲੇ ਛੇ ਮਹੀਨਿਆਂ ਤੋਂ ਕੋਵਿਡ-19 ਦੇ ਕਾਰਨ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣ ਦੇ ਬਾਵਜੂਦ ਸਮੁੱਚੇ ਤੌਰ 'ਤੇ ਸਿਖਿਆ ਵਿਭਾਗ ਅਤੇ ਵਿਸ਼ੇਸ਼ ਕਰ ਕੇ ਹੇਠਲੇ ਪੱਧਰ 'ਤੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਅਸਲ ਵਿਚ ਇਕ ਮੌਕੇ ਵਿਚ ਬਦਲ ਦਿਤਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਹੈ ਕਿ ਭਾਵੇਂ ਸਮਾਜਕ ਦੂਰੀ ਬਣਾਈ ਰੱਖਣ ਵਾਸਤੇ ਉਨ੍ਹਾਂ ਨੂੰ ਸਕੂਲ ਬੰਦ ਰੱਖਣ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਫਿਰ ਵੀ ਇਸ ਸਮੇਂ ਦੌਰਾਨ ਵਿਭਾਗ ਨੇ ਇਸ ਮਹਾਂਮਾਰੀ ਦੌਰਾਨ ਨਵੀਂਆਂ ਪਹਿਲਕਦਮੀਆਂ ਕਰਦੇ ਹੋਏ ਸਿਖਿਆ ਦੇ ਖੇਤਰ ਵਿਚ ਨਵੇਂ ਰਾਹ ਕੱਢੇ ਹਨ।
ਸਿਖਿਆ ਸਕੱਤਰ ਨੇ ਕਿਹਾ ਕਿ ਵਿਭਾਗ ਕੋਵਿਡ-19 ਦੌਰਾਨ ਸਾਵਧਾਨੀਆਂ ਦੀ ਪਾਲਣਾ ਕਰਦਿਆਂ 'ਮਿਸ਼ਨ ਸ਼ਤ-ਪ੍ਰਤੀਸ਼ਤ', 'ਸਮਾਰਟ ਸਕੂਲਜ਼', 'ਅੰਗਰੇਜ਼ੀ ਮਾਧਿਅਮ', 'ਈਚ ਵਨ, ਬਰਿੰਗ ਵਨ', 'ਘਰ ਬੈਠੇ ਸਿਖਿਆ' ਅਤੇ 'ਪੰਜਾਬ ਅਚੀਵਮੈਂਟ ਸਰਵੇਖਣ' ਵਰਗੇ ਅਪਣੇ ਬਹੁਤ ਸਾਰੇ ਕਾਰਜਾਂ ਨੂੰ ਉਤਸ਼ਾਹ ਨਾਲ ਪੂਰਾ ਕਰ ਰਿਹਾ ਹੈ। ਉਨ੍ਹਾਂ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਾਠ ਪੁਸਤਕਾਂ ਦੀ ਵੰਡ, ਮਿਡ ਡੇਅ ਮੀਲ ਆਦਿ ਵਰਗੇ ਕਾਰਜਾਂ ਤੋਂ ਇਲਾਵਾ ਇਕ ਸਾਂਝੇ ਅੰਦੋਲਨਾਂ ਰਾਹੀਂ ਲੋਕ ਲਹਿਰ ਖੜ੍ਹੀ ਕਰ ਕੇ ਮਾਪਿਆਂ ਖਾਸ ਕਰਦੇ ਸਮੁੱਚੇ ਲੋਕਾਂ ਨਾਲ ਸਮਾਜਕ ਤੰਦਾਂ ਨੂੰ ਮਜ਼ਬੂਤ ਬਣਾਇਆ ਹੈ।
ਇਨ੍ਹਾਂ ਗਤੀਵਿਧੀਆਂ ਦੇ ਨਤੀਜੇ ਵਜੋਂ ਜਨਤਕ ਧਾਰਨਾ ਵਿਚ ਤਬਦੀਲੀ ਆਉਣ ਦਾ ਜ਼ਿਕਰ ਕਰਦੇ ਹੋਏ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਜਨਤਾ ਨੇ ਵਿਸ਼ਵਾਸ ਜਤਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਪ੍ਰਗਟਾਵਾ ਇਸ ਤੱਥ ਤੋਂ ਹੁੰਦਾ ਹੈ ਕਿ ਇਸ ਸਾਲ ਤਕਰੀਬਨ 3.45 ਲੱਖ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 1.50 ਲੱਖ ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਤਬਦੀਲ ਹੋ ਕੇ ਸਰਕਾਰੀ ਸਕੂਲਾਂ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਜਨਤਕ ਧਾਰਨਾ ਵਿੱਚ ਤਬਦੀਲੀ ਦਾ ਕਾਰਨ ਬੁਨਿਆਦੀ ਢਾਂਚਾਗੱਤ ਸਹੂਲਤਾਂ ਅਤੇ ਮਿਆਰੀ ਸਿਖਿਆ ਵੀ ਹੈ ਜੋ ਸਮਰਪਤ ਅਧਿਆਪਕਾਂ ਦੁਆਰਾ ਮੁਹੱਈਆ ਕਰਵਾਈ ਜਾ ਰਹੀ।