
ਰਾਣਾ ਸੋਢੀ ਵਲੋਂ ਡਾ. ਆਹਲੂਵਾਲੀਆ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 12 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਤੇ ਪਰਵਾਸੀ ਭਾਰਤੀਆਂ ਦੇ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਯੂਨੀਵਰਸਟੀ ਦੇ ਖੇਡ ਡਾਇਰੈਕਟਰ ਡਾ. ਪਰਮਿੰਦਰ ਸਿੰਘ ਆਹਲੂਵਾਲੀਆ ਦੇ ਦਿਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਆਹਲੂਵਾਲੀਆ ਦਾ ਕੱਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਅਪਣੇ ਸ਼ੋਕ ਸੁਨੇਹੇ ਵਿਚ ਰਾਣਾ ਸੋਢੀ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਨੇੜਲੇ ਪਿੰਡ ਕਲਾਲਮਾਜਰਾ ਦੇ ਰਹਿਣ ਵਾਲੇ ਡਾ. ਪਰਮਿੰਦਰ ਸਿੰਘ, ਜਿਹੜੇ 2015 ਵਿਚ ਡਿਪਟੀ ਡਾਇਰੈਕਟਰ ਖੇਡਾਂ ਵਜੋਂ ਪੰਜਾਬ ਯੂਨੀਵਰਸਟੀ ਨਾਲ ਜੁੜੇ ਅਤੇ ਬਾਅਦ ਵਿਚ ਡਾਇਰੈਕਟਰ ਬਣੇ, ਨੇ ਯੂਨੀਵਰਸਿਟੀ ਦੀ ਖੇਡਾਂ ਵਿਚ ਪੁਰਾਣੀ ਸ਼ਾਨ ਬਹਾਲ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਡਾ. ਆਹਲੂਵਾਲੀਆ ਨੂੰ ਪਿਛਲੇ ਮਹੀਨੇ ਕੋਰੋਨਾ ਹੋਇਆ ਸੀ ਅਤੇ ਉਹ 14 ਦਿਨਾਂ ਲਈ ਇਕਾਂਤਵਾਸ ਵਿਚ ਵੀ ਰਹੇ। ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਅਕਾਲ ਚਲਾਣਾ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਇਸ ਖਿੱਤੇ ਦੇ ਸਮੁੱਚੇ ਖੇਡ ਭਾਈਚਾਰੇ ਲਈ ਵੱਡਾ ਘਾਟਾ ਹੈ ਅਤੇ ਸਾਨੂੰ ਇਸ ਖ਼ਬਰ ਨਾਲ ਸਦਮਾ ਲੱਗਿਆ ਹੈ।
ਉਹ ਉਤਸ਼ਾਹੀ ਖਿਡਾਰੀ ਤੇ ਖੇਡ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਦੇ ਤੁਰ ਜਾਣ ਦਾ ਘਾਟਾ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਯੂਨੀਵਰਸਿਟੀ ਨੇ 13 ਸਾਲਾ ਦੇ ਵਕਫ਼ੇ ਮਗਰੋਂ 2019 ਵਿਚ ਅਤੇ ਇਸ ਸਾਲ 2020 ਵਿਚ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਜਿੱਤੀ। ਇਸ ਤੋਂ ਪਹਿਲਾਂ ਇਸ ਵਰ੍ਹੇ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਟਰਾਫ਼ੀ ਵੀ imageimageਜਿੱਤੀ।