
ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਾ ਘੇਰਿਆ ਦਫ਼ਤਰ
ਮਾਨਸਾ, 12 ਅਕਤੂਬਰ (ਸੁਖਵੰਤ ਸਿੰਘ ਸਿੱਧੂ): ਬੁਢਲਾਡਾ ਰੇਲਵੇ ਸਟੇਸ਼ਨ ਉਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਈ ਬਰ੍ਹੇ ਪਿੰਡ ਦੀ ਮਾਤਾ ਤੇਜ ਕੌਰ ਦੇ ਪਰਵਾਰ ਨੂੰ ਮੁਆਵਜ਼ਾ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਮੇਨ ਗੇਟ ਘੇਰ ਲਿਆ। ਜਥੇਬੰਦੀ ਨੇ ਐਲਾਨ ਕਰ ਦਿਤਾ ਹੈ ਕਿ ਘਿਰਾਉ ਮੰਗਾਂ ਮੰਨਣ ਤਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ 4 ਦਿਨ ਪਹਿਲਾਂ ਮਾਤਾ ਤੇਜ ਕੌਰ ਧਰਨੇ ਵਿਚ ਪ੍ਰਾਣ ਤਿਆਗ ਗਈ ਸੀ, ਉਨ੍ਹਾਂ ਦੀ ਮ੍ਰਿਤਕ ਦੇਹ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਚ ਪਈ ਹੈ ਜਿਸ ਨੂੰ ਫ਼ਰਿੱਜ਼ ਵਿਚ ਲਾ ਕੇ ਰਖਿਆ ਗਿਆ ਹੈ। ਚਾਰ ਦਿਨ ਉਲੀਕਣ ਤੋਂ ਬਾਅਦ ਜਥੇਬੰਦੀ ਨੇ ਅੱਜ ਡੀ.ਸੀ. ਦਫ਼ਤਰ ਵਲ ਚਾਲੇ ਪਾਏ।
ਪੁਲਿਸ ਨੇ ਦਫ਼ਤਰ ਤੋਂ ਥੋੜ੍ਹੀ ਦੂਰ ਰੋਕਣ ਦੀ ਕੋਸ਼ਿਸ ਕੀਤੀ ਪਰ ਕਿਸਾਨ ਕਾਫ਼ਲਾ ਤੁਰਦਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਸਰਕਾਰਾਂ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਜਾਂਦੀਆ ਤਾਂ ਉਨਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਆਉਣਾ ਪੈਂਦਾ ਹੈ। ਸੰਘਰਸ਼ ਦੌਰਾਨ ਜੇ ਕਿਸੇ ਦੀ ਜ਼ਿੰਦਗੀ ਲਗਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਇਸ ਲਈ ਸਰਕਾਰ ਪੀੜਤ ਪਰਵਾਰ ਨੂੰ 10 ਲੱਖ ਮੁਆਵਜ਼ਾ, ਸਾਰਾ ਕਰਜ਼ਾ ਮੁਆਫ਼, ਇਕ ਪਰਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਜੋਗਿੰਦਰ ਸਿੰਘ ਦਿਆਲਪੁਰਾ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ ਕੋਟਧਰਮੂ, ਉÎੱਤਮ ਸਿੰਘ ਰਾਮਾਂਨੰਦੀ, ਜੱਗਾ ਸਿੰਘ ਜਟਾਣਾ ਆਦਿ ਹਾਜ਼ਰ ਸਨ।